ਇਨਫੋਸਿਸ ਦੇ CEO ਪਾਰੇਖ ਨੂੰ ਬੀਤੇ ਸਾਲ ਮਿਲਿਆ 34.27 ਕਰੋੜ ਰੁਪਏ ਦਾ ਤਨਖਾਹ ਪੈਕੇਜ
Tuesday, Jun 02, 2020 - 06:56 PM (IST)
ਨਵੀਂ ਦਿੱਲੀ — ਸੂਚਨਾ ਤਕਨਾਲੋਜੀ ਕੰਪਨੀ ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀਈਓ) ਸਲਿਲ ਪਾਰੇਖ ਨੂੰ ਪਿਛਲੇ ਵਿੱਤੀ ਸਾਲ ਦੌਰਾਨ 34.27 ਕਰੋੜ ਰੁਪਏ ਦਾ ਤਨਖਾਹ ਪੈਕੇਜ ਮਿਲਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2018-19 ਵਿਚ ਉਨ੍ਹਾਂ ਦਾ ਪੈਕੇਜ 24.67 ਕਰੋੜ ਰੁਪਏ ਸੀ। ਵਿੱਤੀ ਸਾਲ 2018-19 ਦੀ ਕੰਪਨੀ ਦੀ ਸਾਲਾਨਾ ਰਿਪੋਰਟ ਮੁਤਾਬਕ ਪਾਰੇਖ ਦੇ ਪੈਕੇਜ ਵਿਚ 16.85 ਕਰੋੜ ਰੁਪਏ ਦੀ ਤਨਖਾਹ, 17.04 ਕਰੋੜ ਰੁਪਏ ਦੇ ਸ਼ੇਅਰ ਵਿਕਲਪ ਅਤੇ 38 ਲੱਖ ਰੁਪਏ ਹੋਰ ਭੱਤੇ ਸ਼ਾਮਲ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨਫੋਸਿਸ ਦੇ ਚੇਅਰਮੈਨ ਨੰਦਨ ਨੀਲੇਕਣ ਨੇ ਸਵੈਇੱਛੁਕ ਤੌਰ 'ਤੇ ਆਪਣੀਆਂ ਸੇਵਾਵਾਂ ਲਈ ਕੋਈ ਤਨਖਾਹ ਪੈਕੇਜ ਨਾ ਲੈਣ ਦਾ ਫੈਸਲਾ ਕੀਤਾ ਹੈ। ਪਿਛਲੇ ਵਿੱਤੀ ਸਾਲ ਵਿਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਯੂ ਬੀ ਪ੍ਰਵੀਨ ਰਾਓ ਦਾ ਤਨਖਾਹ ਪੈਕੇਜ 17.1 ਪ੍ਰਤੀਸ਼ਤ ਵਧ ਕੇ 10.6 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਵਿੱਤੀ ਵਰ੍ਹੇ ਵਿਚ ਇਹ 9.05 ਕਰੋੜ ਰੁਪਏ ਸੀ। ਦਿਲਚਸਪ ਤੱਥ ਇਹ ਹੈ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਸੀਈਜ਼ ਅਤੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਗੋਪੀਨਾਥਨ ਦਾ ਤਨਖਾਹ ਪੈਕੇਜ 2019-20 ਵਿਚ 16 ਪ੍ਰਤੀਸ਼ਤ ਘਟ ਕੇ 13.3 ਕਰੋੜ ਰੁਪਏ ਰਹਿ ਗਿਆ। ਵਿਪਰੋ ਦੇ ਸੀਈਓ ਦਾ ਤਨਖਾਹ ਪੈਕੇਜ ਪਿਛਲੇ ਵਿੱਤੀ ਵਰ੍ਹੇ ਵਿਚ 11.8 ਪ੍ਰਤੀਸ਼ਤ ਵਧ ਕੇ 44.2 ਲੱਖ ਡਾਲਰ ਜਾਂ 33.38 ਕਰੋੜ ਰੁਪਏ ਰਿਹਾ।