ਮਹਿੰਗਾਈ ਦੀ ਮਾਰ : 1 ਮਹੀਨੇ ’ਚ 44 ਫੀਸਦੀ ਮਹਿੰਗਾ ਹੋਇਆ ਟਮਾਟਰ
Thursday, Jun 16, 2022 - 10:29 AM (IST)
ਨਵੀਂ ਦਿੱਲੀ (ਭਾਸ਼ਾ) – ਰਾਸ਼ਟਰੀ ਰਾਜਧਾਨੀ ’ਚ ਟਮਾਟਰ ਦੀ ਕੀਮਤ ਪਿਛਲੇ ਇਕ ਮਹੀਨੇ ’ਚ 44 ਫੀਸਦੀ ਵਧ ਕੇ 46 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਦਾ ਮੁੱਖ ਕਾਰਨ ਗਰਮੀ ਅਤੇ ਦੱਖਣੀ ਭਾਰਤ ’ਚ ਘੱਟ ਉਤਪਾਦਨ ਹੋਣ ਕਾਰਨ ਸਪਲਾਈ ਦਾ ਪ੍ਰਭਾਵਿਤ ਹੋਣਾ ਹੈ। ਦਿੱਲੀ ’ਚ ਟਮਾਟਰ ਦਾ ਰੇਟ 16 ਮਈ ਦੇ 32 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਅੱਜ 46 ਰੁਪਏ ਪ੍ਰਤੀ ਕਿਲੋ ਹੋ ਗਿਆ।
ਹਾਲਾਂਕਿ ਮਦਰ ਡੇਅਰੀ ਦੇ ਸਟੋਰ ’ਚ ਆਮ ਟਮਾਟਰ ਦਾ ਭਾਅ 62 ਰੁਪਏ ਪ੍ਰਤੀ ਕਿਲੋ ਹੈ। ਸਥਾਨਕ ਸਬਜ਼ੀ ਵਿਕ੍ਰੇਤਾ ਟਮਾਟਰ ਲਗਭਗ 60 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਵੇਚ ਰਹੇ ਹਨ। ਵਪਾਰੀਆਂ ਨੇ ਕੀਮਤਾਂ ’ਚ ਵਾਧੇ ਕਾਰਨ ਦੱਖਣੀ ਭਾਰਤ ’ਚ ਫਸਲ ਖਰਾਬ ਹੋਣਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਦਾ ਟਮਾਟਰ ਦੱਖਣ ਦੇ ਬਾਜ਼ਾਰਾਂ ’ਚ ਭੇਜਿਆ ਜਾ ਰਿਹਾ ਹੈ, ਜਿਸ ਨਾਲ ਦਿੱਲੀ ਖੇਤਰ ’ਚ ਸਪਲਾਈ ਪ੍ਰਭਾਵਿਤ ਹੋਈ।