ਅਕਤੂਬਰ ’ਚ ਮਹਿੰਗਾਈ ਦਰ 7 ਫੀਸਦੀ ਤੋਂ ਘੱਟ ਰਹਿਣ ਦੀ ਉਮੀਦ : ਦਾਸ
Sunday, Nov 13, 2022 - 10:31 AM (IST)
ਨਵੀਂ ਦਿੱਲੀ–ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਮਤਾਂ ’ਚ ਵਾਧੇ ਨੂੰ ਇਕ ਚੁਣੌਤੀ ਦੱਸਦੇ ਹੋਏ ਸ਼ਨੀਵਾਰ ਨੂੰ ਉਮੀਦ ਪ੍ਰਗਟਾਈ ਕਿ ਅਕਤੂਬਰ ’ਚ ਮਹਿੰਗਾਈ ਦੀ ਦਰ 7 ਫੀਸਦੀ ਤੋਂ ਘੱਟ ਰਹੇਗੀ। ਸਤੰਬਰ ’ਚ ਪ੍ਰਚੂਨ ਮਹਿੰਗਾਈ ਵਧ ਕੇ 7.4 ਫੀਸਦੀ ਹੋ ਗਈ ਜਦ ਕਿ ਅਗਸਤ ’ਚ ਇਹ ਸੱਤ ਫੀਸਦੀ ’ਤੇ ਸੀ।
ਖੁਰਾਕ ਅਤੇ ਊਰਜਾ ਉਤਪਾਦਾਂ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਇਸ ’ਚ ਵਾਧਾ ਹੋਇਆ ਸੀ। ਦਾਸ ਨੇ ਅਕਤੂਬਰ ਮਹੀਨੇ ਲਈ ਮਹਿੰਗਾਈ ਦੀ ਦਰ ’ਚ ਕਮੀ ਆਉਣ ਦੀ ਇਸ ਉਮੀਦ ਲਈ ਸਰਕਾਰ ਅਤੇ ਆਰ. ਬੀ. ਆਈ. ਵਲੋਂ ਪਿਛਲੇ ਛੇ-ਸੱਤ ਮਹੀਨਿਆਂ ’ਚ ਉਠਾਏ ਗਏ ਉਪਾਅ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਨੇ ‘ਐੱਚ. ਟੀ. ਲੀਡਰਸ਼ਿਪ ਸਮਿਟ’ ਵਿਚ ਕਿਹਾ ਕਿ ਮਹਿੰਗਾਈ ਨੂੰ ਦੋ ਤੋਂ ਛੇ ਫੀਸਦੀ ਦੇ ਘੇਰੇ ’ਚ ਰੱਖਣ ਦੇ ਟੀਚੇ ’ਚ ਬਦਲਾਅ ਦੀ ਲੋੜ ਨਹੀਂ ਹੈ ਕਿਉਂਕਿ ਛੇ ਫੀਸਦੀ ਤੋਂ ਵੱਧ ਦੀ ਮਹਿੰਗਾਈ ਦਰ ਆਰਥਿਕ ਵਾਧੇ ਨੂੰ ਪ੍ਰਭਾਵਿਤ ਕਰੇਗੀ। ਸਰਕਾਰ ਨੇ ਆਰ. ਬੀ. ਆਈ. ਗਵਰਨਰ ਦੀ ਪ੍ਰਧਾਨਗੀ ਵਾਲੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੂੰ ਮਹਿੰਗਾਈ ਦਰ ਦੋ ਤੋਂ ਛੇ ਫੀਸਦੀ ਦੇ ਘੇਰੇ ’ਚ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।
ਆਰ. ਬੀ. ਆਈ. ਗਵਰਨਰ ਨੇ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਕਿਹਾ ਕਿ ਗਲੋਬਲ ਉਥਲ-ਪੁਥਲ ਦਰਮਿਆਨ ਭਾਰਤ ਦੇ ਸਮੁੱਚੇ ਮੈਕਰੋ-ਆਰਥਿਕ ਬੁਨਿਆਦੀ ਪਹਿਲੂ ਮਜ਼ਬੂਤ ਬਣੇ ਹੋਏ ਹਨ ਅਤੇ ਆਰਥਿਕ ਵਾਧੇ ਦੀਆਂ ਸੰਭਾਵਨਾਵਾਂ ਚੰਗੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਕਤੂਬਰ ਲਈ ਮਹਿੰਗਾਈ ਦਰ ਦੇ ਅੰਕੜੇ ਸੱਤ ਫੀਸਦੀ ਤੋਂ ਘੱਟ ਹੋਣਗੇ। ਮਹਿੰਗਾਈ ਚਿੰਤਾ ਦਾ ਵਿਸ਼ਾ ਹੈ, ਜਿਸ ਨਾਲ ਅਸੀਂ ਪ੍ਰਭਾਵੀ ਢੰਗ ਨਾਲ ਨਜਿੱਠ ਰਹੇ ਹਾਂ। ਅਕਤੂਬਰ ਮਹੀਨ ਦੇ ਮਹਿੰਗਾਈ ਅੰਕੜੇ ਸੋਮਵਾਰ ਨੂੰ ਜਾਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਜਾਂ ਸੱਤ ਮਹੀਨਿਆਂ ’ਚ ਆਰ. ਬੀ. ਆਈ. ਅਤੇ ਸਰਕਾਰ ਦੋਹਾਂ ਨੇ ਹੀ ਮਹਿੰਗਾਈ ਨੂੰ ਘੱਟ ਕਰਨ ਲਈ ਕਦਮ ਉਠਾਏ ਹਨ। ਦਾਸ ਨੇ ਕਿਹਾ ਕਿ ਆਰ. ਬੀ. ਆਈ. ਨੇ ਆਪਣੇ ਵਲੋਂ ਵਿਆਜ ਦਰਾਂ ’ਚ ਵਾਧਾ ਕੀਤਾ ਹੈ ਅਤੇ ਸਰਕਾਰ ਨੇ ਸਪਲਾਈ ਪੱਖ ਨਾਲ ਜੁੜੇ ਕਈ ਕਦਮ ਉਠਾਏ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।