ਮਹਿੰਗਾਈ ਨੇ ਤੋੜਿਆ 8 ਸਾਲ ਦਾ ਰਿਕਾਰਡ,  TV, AC ਤੇ ਫਰਿਜ ਦੀਆਂ ਕੀਮਤਾਂ ’ਚ ਹੋ ਸਕਦੈ ਭਾਰੀ ਵਾਧਾ

05/13/2022 2:01:29 PM

ਨਵੀਂ ਦਿੱਲੀ (ਏਜੰਸੀਆਂ) - ਮਹਿੰਗਾਈ ਦੇ ਮੋਰਚੇ ’ਤੇ ਆਮ ਆਦਮੀ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਬੇਕਾਬੂ ਮਹਿੰਗਾਈ ਦੇ ਮਾਮਲੇ ’ਚ ਅਪ੍ਰੈਲ ’ਚ ਪਿਛਲੇ 8 ਸਾਲਾਂ ਦਾ ਰਿਕਾਰਡ ਟੁੱਟ ਗਿਆ।

ਵੀਰਵਾਰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਪ੍ਰਚੂਨ ਮਹਿੰਗਾਈ ਮਾਰਚ ’ਚ ਵਧ ਕੇ 7.79 ਫੀਸਦੀ ’ਤੇ ਪਹੁੰਚ ਗਈ। ਫਿਊਲ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਹਿੰਗਾਈ ਦਰ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : Apple ਨਹੀਂ ਰਹੀ ਹੁਣ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ , ਜਾਣੋ ਕੌਣ ਹੈ ਅੱਗੇ

ਖਪਤਕਾਰ ਮੁੱਲ-ਅਾਧਾਰਿਤ ਮਹਿੰਗਾਈ ਅੰਕੜੇ ਲਗਾਤਾਰ ਚੌਥੇ ਮਹੀਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਦੀ ਸਹਿਣਸ਼ੀਲਤਾ ਦੀ ਹੱਦ ਤੋਂ ਵੀ ਉੱਪਰ ਰਹੇ ਹਨ। ਕੇਂਦਰ ਨੇ ਆਰ. ਬੀ. ਆਈ. ਨੂੰ ਪ੍ਰਚੂਨ ਮਹਿੰਗਾਈ ਦਰ ਨੂੰ 2 ਤੋਂ 6 ਫੀਸਦੀ ਦੇ ਘੇਰੇ ’ਚ ਰੱਖਣ ਦਾ ਹੁਕਮ ਦਿੱਤਾ ਹੈ। ਸੀ. ਪੀ. ਆਈ. ਆਧਾਰਿਤ ਮਹਿੰਗਾਈ ਇਸ ਸਾਲ ਮਾਰਚ 'ਚ 6.95 ਫੀਸਦੀ ਅਤੇ ਅਪ੍ਰੈਲ 2021 ’ਚ 4.23 ਫੀਸਦੀ ਸੀ। ਅਪ੍ਰੈਲ ’ਚ ਖਾਣ-ਪੀਣ ਦੀਆਂ ਵਸਤੂਆਂ ’ਚ ਵੀ ਕਾਫੀ ਵਾਧਾ ਹੋਇਆ ਹੈ। ਖੁਰਾਕੀ ਮਹਿੰਗਾਈ ਇਸ ਮਹੀਨੇ ਵਧ ਕੇ 8.38 ਫੀਸਦੀ ’ਤੇ ਪਹੁੰਚ ਗਈ ਜੋ ਮਾਰਚ ’ਚ 7.68 ਅਤੇ ਇਕ ਸਾਲ ਪਹਿਲਾਂ ਇਸੇ ਮਹੀਨੇ 1.96 ਫੀਸਦੀ ਸੀ।

ਡਾਲਰ ਦੇ ਮੁਕਾਬਲੇ ਰੁਪਇਆ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ । ਹੁਣ ਇਸ ਦਾ ਅਸਰ ਆਮ ਲੋਕਾਂ ਦੀਆਂ ਜੇਬਾਂ ’ਤੇ ਪੈ ਸਕਦਾ ਹੈ। ਉਦਯੋਗ ਮਾਹਿਰਾਂ ਮੁਤਾਬਕ ਇਸ ਮਹੀਨੇ ਦੇ ਅੰਤ ਤੱਕ ਜਾਂ ਅਗਲੇ ਮਹੀਨੇ ਤੋਂ ਘਰੇਲੂ ਉਪਕਰਨਾਂ ਅਤੇ ਖਪਤਕਾਰ ਇਲੈਕਟ੍ਰਾਨਿਕਸ ਸਾਮਾਨ ਜਿਵੇਂ ਟੈਲੀਵਿਜ਼ਨ, ਏ. ਸੀ., ਵਾਸ਼ਿੰਗ ਮਸ਼ੀਨ ਅਤੇ ਫਰਿੱਜ ਦੀਆਂ ਕੀਮਤਾਂ ਵਿੱਚ 3 ਤੋਂ 5 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਉਦਯੋਗਿਕ ਸੂਤਰਾਂ ਮੁਤਾਬਕ ਰੁਪਏ ਦੀ ਕੀਮਤ ਘਟਣ ਅਤੇ ਮਹਿੰਗਾਈ ਵਧਣ ਕਾਰਨ ਨਿਰਮਾਣ ਲਾਗਤ ਬਹੁਤ ਵਧ ਗਈ ਹੈ। ਇਸ ਦੀ ਪੂਰਤੀ ਕਰਨ ਲਈ ਕੰਪਨੀਆਂ ਭਾਰ ਗਾਹਕਾਂ ’ਤੇ ਪਾਉਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ : BharatPe ਨੇ ਕਰਮਚਾਰੀਆਂ, ਵੈਂਡਰਾਂ ਨੂੰ ਕੀਤਾ ਬਰਖ਼ਾਸਤ, ਗਰੋਵਰ ਤੋਂ 'ਪ੍ਰਤੀਬੰਧਿਤ' ਸ਼ੇਅਰ ਵਾਪਸ ਲੈਣ ਲਈ ਸ਼ੁਰੂ ਕੀਤੀ ਕਾਰਵਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News