ਸਰਕਾਰ ਲਈ ਰਾਹਤ, ਉਦਯੋਗਿਕ ਉਤਪਾਦਨ 'ਚ ਉਛਾਲ, ਮਹਿੰਗਾਈ 'ਚ ਨਰਮੀ!

Monday, Jul 12, 2021 - 07:24 PM (IST)

ਨਵੀਂ ਦਿੱਲੀ- ਕੋਰੋਨਾ ਸੰਕਟ ਵਿਚਕਾਰ ਡਿੱਗ ਰਹੀ ਆਰਥਿਕਤਾ ਅਤੇ ਵੱਧ ਰਹੀ ਮਹਿੰਗਾਈ 'ਤੇ ਕੇਂਦਰ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਇਕਨੋਮੀ ਦੀ ਰਫ਼ਤਾਰ ਦਰਸਾਉਣ ਵਾਲੇ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਦੇ ਅੰਕੜੇ ਜਾਰੀ ਹੋ ਗਏ ਹਨ।

ਸੋਮਵਾਰ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ, ਮਈ ਵਿਚ ਸਾਲਾਨਾ ਆਧਾਰ 'ਤੇ ਉਦਯੋਗਿਕ ਉਤਪਾਦਨ 29.3 ਫ਼ੀਸਦੀ ਵਧਿਆ ਹੈ। ਇਸ ਦੇ ਨਾਲ ਹੀ ਪ੍ਰਚੂਨ ਮਹਿੰਗਾਈ ਦਰ ਵਿਚ ਵੀ ਥੋੜ੍ਹੀ ਗਿਰਾਵਟ ਆਈ ਹੈ। ਮਈ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਦਰ 6.30 ਫ਼ੀਸਦੀ ਸੀ, ਜੋ ਜੂਨ ਵਿਚ ਇਹ 6.26 ਫ਼ੀਸਦ ਰਹੀ। ਸੀ. ਪੀ. ਆਈ. 'ਤੇ ਆਧਾਰਿਤ ਮਹਿੰਗਾਈ ਦਰ ਹਾਲਾਂਕਿ, ਲਗਾਤਾਰ ਦੂਜੇ ਮਹੀਨੇ ਆਰ. ਬੀ. ਆਈ. ਦੇ ਕੰਟਰੋਲ ਪੱਧਰ ਤੋਂ ਉਪਰ ਰਹੀ।

ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਈ ਮਹੀਨੇ ਵਿਚ ਨਿਰਮਾਣ ਖੇਤਰ ਦੇ ਉਤਪਾਦਨ ਵਿਚ 34.5 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਖਣਨ ਖੇਤਰ ਦਾ ਉਤਪਾਦਨ 23.3 ਫ਼ੀਸਦੀ ਅਤੇ ਬਿਜਲੀ ਦਾ 7.5 ਫ਼ੀਸਦੀ ਵਧਿਆ ਹੈ। ਮਈ 2020 ਵਿਚ ਉਦਯੋਗਿਕ ਉਤਪਾਦਨ ਵਿਚ 33.4 ਫ਼ੀਸਦੀ ਦੀ ਗਿਰਾਵਟ ਆਈ ਸੀ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਪਿਛਲੇ ਸਾਲ ਮਾਰਚ ਤੋਂ ਉਦਯੋਗਿਕ ਉਤਪਾਦਨ ਪ੍ਰਭਾਵਿਤ ਰਿਹਾ ਹੈ। ਉਸ ਸਮੇਂ ਇਸ ਵਿਚ 18.7 ਫ਼ੀਸਦੀ ਦੀ ਗਿਰਾਵਟ ਆਈ ਸੀ। ਅਪ੍ਰੈਲ 2020 ਵਿਚ ਉਦਯੋਗਿਕ ਉਤਪਾਦਨ 57.3 ਫ਼ੀਸਦੀ ਘਟਿਆ ਸੀ। ਪਿਛਲੇ ਸਾਲ ਫਰਵਰੀ ਵਿਚ ਉਦਯੋਗਿਕ ਉਤਪਾਦਨ ਦੀ ਵਿਕਾਸ ਦਰ 5.2 ਫ਼ੀਸਦੀ ਰਹੀ ਸੀ।


Sanjeev

Content Editor

Related News