ਉਦਯੋਗਿਕ ਵਿਕਾਸ 6 ਮਹੀਨਿਆਂ ’ਚ ਸਭ ਤੋਂ ਘੱਟ, IIP ਘੱਟ ਕੇ 2.9 ਫੀਸਦੀ ’ਤੇ ਆਇਆ

Saturday, Apr 12, 2025 - 10:32 AM (IST)

ਉਦਯੋਗਿਕ ਵਿਕਾਸ 6 ਮਹੀਨਿਆਂ ’ਚ ਸਭ ਤੋਂ ਘੱਟ, IIP ਘੱਟ ਕੇ 2.9 ਫੀਸਦੀ ’ਤੇ ਆਇਆ

ਨਵੀਂ ਦਿੱਲੀ (ਭਾਸ਼ਾ) : ਫਰਵਰੀ 2025 ’ਚ ਦੇਸ਼ ’ਚ ਉਦਯੋਗਿਕ ਗਤੀਵਿਧੀਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਉਦਯੋਗਿਕ ਉਤਪਾਦਨ ਸੂਚਕਾਂਕ ਯਾਨੀ ਆਈ. ਆਈ. ਪੀ. ਫਰਵਰੀ ’ਚ ਸਿਰਫ਼ 2.9 ਫੀਸਦੀ ਵਧਿਆ, ਜਦਕਿ ਜਨਵਰੀ 2025 ’ਚ ਆਈ. ਆਈ. ਪੀ. 5.01 ਫੀਸਦੀ ਦੀ ਦਰ ਨਾਲ ਵਧਿਆ, ਜੋ ਕਿ ਪਿਛਲੇ 8 ਮਹੀਨਿਆਂ ’ਚ ਸਭ ਤੋਂ ਤੇਜ਼ ਵਾਧਾ ਸੀ। ਇਹ ਧਿਆਨ ਯੋਗ ਹੈ ਕਿ ਪਿਛਲੇ 6 ਮਹੀਨਿਆਂ ’ਚ ਇਹ ਸਭ ਤੋਂ ਧੀਮੀ ਰਫ਼ਤਾਰ ਹੈ। ਇਸ ਤੋਂ ਪਹਿਲਾਂ ਸਤੰਬਰ 2024 ’ਚ ਆਈ. ਆਈ. ਪੀ. ਦਰ 3.2 ਫੀਸਦੀ ਦਰਜ ਕੀਤੀ ਗਈ ਸੀ।

ਆਈ. ਆਈ. ਪੀ. ਸਭ ਤੋਂ ਵੱਧ ਭਾਰ ਵਾਲਾ ਖੇਤਰ ਨਿਰਮਾਣ ਹੈ, ਜਿਸ ਦੀ ਵਿਕਾਸ ਦਰ ਫਰਵਰੀ ’ਚ 2.9 ਫੀਸਦੀ ਸੀ। ਇਹ ਦਰ ਪਹਿਲਾਂ ਨਾਲੋਂ ਘੱਟ ਹੈ, ਜੋ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਨਿਰਮਾਣ ਖੇਤਰ ’ਚ ਵਾਧਾ ਥੋੜ੍ਹਾ ਹੌਲੀ ਹੋ ਗਿਆ ਹੈ।

ਮਾਈਨਿੰਗ ਸੈਕਟਰ ’ਚ ਮੰਦੀ

ਮਾਈਨਿੰਗ ਸੈਕਟਰ ਦੀ ਵਿਕਾਸ ਦਰ ਵੀ ਇਕ ਸਾਲ ਪਹਿਲਾਂ 8.1 ਫੀਸਦੀ ਤੋਂ ਘਟ ਕੇ 1.6 ਫੀਸਦੀ ’ਤੇ ਆ ਗਈ। ਇਸੇ ਤਰ੍ਹਾਂ ਬਿਜਲੀ ਉਤਪਾਦਨ ਦੀ ਵਿਕਾਸ ਦਰ ਵੀ ਘਟ ਕੇ 3.6 ਫੀਸਦੀ ਰਹਿ ਗਈ, ਜਦਕਿ ਫਰਵਰੀ 2024 ’ਚ ਇਹ 7.6 ਫੀਸਦੀ ਸੀ।

ਪੂਰੇ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਦੌਰਾਨ ਯਾਨੀ ਅਪ੍ਰੈਲ 2024 ਤੋਂ ਫਰਵਰੀ 2025 ਤੱਕ, ਉਦਯੋਗਿਕ ਉਤਪਾਦਨ ’ਚ ਔਸਤਨ 4.1 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਦਰਜ 6 ਫੀਸਦੀ ਵਾਧੇ ਨਾਲੋਂ ਬਹੁਤ ਘੱਟ ਹੈ।


author

Harinder Kaur

Content Editor

Related News