30 ਤਾਰੀਖ਼ ਤੱਕ ਬੁਕਿੰਗ ਕਰਨ ਵਾਲੇ ਮੁਸਾਫ਼ਰਾਂ ਨੂੰ ਇੰਡੀਗੋ ਨੇ ਦਿੱਤੀ ਇਹ ਛੋਟ
Saturday, Apr 17, 2021 - 11:48 AM (IST)
ਨਵੀਂ ਦਿੱਲੀ- ਇੰਡੀਗੋ ਨੇ 30 ਤਾਰੀਖ਼ 2021 ਤੱਕ ਨਵੀਂ ਬੁਕਿੰਗ ਕਰਨ ਵਾਲੇ ਮੁਸਾਫ਼ਰਾਂ ਕੋਲੋਂ ਬਾਅਦ ਵਿਚ ਟਿਕਟਾਂ ਵਿਚ ਸਮਾਂ ਜਾਂ ਤਾਰੀਖ਼ ਬਦਲਣ 'ਤੇ ਕੋਈ ਚਾਰਜ ਨਾ ਲੈਣ ਦਾ ਐਲਾਨ ਕੀਤਾ ਹੈ। ਇਸ ਪੇਸ਼ਕਸ਼ ਤਹਿਤ ਕਿਸੇ ਵੀ ਸਮੇਂ ਲਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ।
ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ 17 ਅਪ੍ਰੈਲ ਤੋਂ 30 ਅਪ੍ਰੈਲ ਤੱਕ ਕੀਤੀ ਗਈ ਨਵੀਂ ਬੁਕਿੰਗ ਵਿਚ ਬਦਲਾਅ ਕਰਨ 'ਤੇ ਕੋਈ ਚਾਰਜ ਨਹੀਂ ਲੱਗੇਗਾ। ਹਾਲਾਂਕਿ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਕੈਂਸਲੇਸ਼ਨ ਚਾਰਜ ਵਿਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ ਅਤੇ ਇਸ 'ਤੇ ਚਾਰਜ ਲੱਗੇਗਾ। ਯਾਤਰੀ ਇੰਡੀਗੋ ਦੀ ਵੈੱਬਸਾਈਟ 'ਤੇ ਟਿਕਟ ਬੁੱਕ ਕਰ ਸਕਦੇ ਹਨ। ਬੁਕਿੰਗ ਦੌਰਾਨ ਇਸ ਪੇਸ਼ਕਸ਼ ਬਾਰੇ ਵਿਸਥਾਰ ਨਿਯਮ ਤੇ ਸ਼ਰਤਾਂ ਵੇਖੀਆਂ ਜਾ ਸਕਦੀਆਂ ਹਨ।
ਉੱਥੇ ਹੀ, ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਕੋਰੋਨਾ ਮਾਮਲਿਆਂ ਵਿਚਕਾਰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੀ ਸਖ਼ਤ ਹੋ ਗਿਆ ਹੈ। ਡੀ. ਜੀ. ਸੀ. ਏ. ਨੇ ਕਿਹਾ ਹੈ ਕਿ ਜੇਕਰ ਏਅਰਪੋਰਟ 'ਤੇ ਕੋਰੋਨਾ ਦੇ ਨਿਯਮਾਂ ਦਾ ਉਲੰਘਣ ਕਰਦੇ ਕੋਈ ਫੜ੍ਹਿਆ ਜਾਂਦਾ ਹੈ ਤਾਂ ਜੁਰਮਾਨਾ ਲਾਇਆ ਜਾ ਸਕਦਾ ਹੈ। ਡਾਇਰੈਕਟੋਰੇਟ ਨੇ ਏਅਰਲਾਈਨਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਉਹ ਆਪਣੇ ਯਾਤਰੀਆਂ ਨੂੰ ਹਵਾਈ ਅੱਡਿਆਂ 'ਤੇ ਫੇਸ ਮਾਸਕ ਪਾਉਣ ਲਈ ਕਹਿਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਹੋਵੇ।