ਇਸ ਉਡਾਨ ਦੇ ਬੰਦ ਹੋਣ ਕਾਰਨ ਫ਼ਾਇਦੇ ''ਚ ਰਹੀ ਇੰਡੀਗੋ, 61.4 ਫ਼ੀਸਦੀ ਹੋਈ ਬਾਜ਼ਾਰੀ ਹਿੱਸੇਦਾਰੀ

Friday, Jun 16, 2023 - 03:56 PM (IST)

ਇਸ ਉਡਾਨ ਦੇ ਬੰਦ ਹੋਣ ਕਾਰਨ ਫ਼ਾਇਦੇ ''ਚ ਰਹੀ ਇੰਡੀਗੋ, 61.4 ਫ਼ੀਸਦੀ ਹੋਈ ਬਾਜ਼ਾਰੀ ਹਿੱਸੇਦਾਰੀ

ਬਿਜ਼ਨੈੱਸ ਡੈਸਕ - ਮਈ ਦੇ ਮਹੀਨੇ ਘੱਟ ਕੀਮਤ ਵਾਲੀਆਂ ਏਅਰਲਾਈਨਜ਼ 'ਚ ਇੰਡੀਗੋ ਦੀ ਬਾਜ਼ਾਰੀ ਹਿੱਸੇਦਾਰੀ ਵਧ ਕੇ 61.4 ਫ਼ੀਸਦੀ ਹੋ ਗਈ ਹੈ। ਇਹ ਉਹਨਾਂ ਦਾ ਹੁਣ ਤੱਕ ਦਾ ਰਿਕਾਰਡ ਹੈ। ਇੰਡੀਗੋ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਏਅਰਲਾਈਨਜ਼ ਹਨ, ਜਿਹਨਾਂ ਦੀ ਮਾਰਕੀਟ ਵਿੱਚ ਹਿੱਸੇਦਾਰੀ ਵਧੀ ਹੈ। ਇਸ ਇਹ ਦੱਸਣਾ ਜ਼ਰੂਰੀ ਹੈ ਕਿ ਏਅਰਲਾਈਨਜ਼ GoFirst ਦੀਆਂ ਉਡਾਣਾਂ ਬੰਦ ਹੋਣ ਕਾਰਨ ਸਭ ਤੋਂ ਜ਼ਿਆਦਾ ਫ਼ਾਇਦਾ ਇੰਡੀਗੋ ਨੂੰ ਹੋਇਆ ਹੈ।

ਸੂਤਰਾਂ ਅਨੁਸਾਰ ਮਈ ਦੇ ਮਹੀਨੇ ਵਿੱਚ ਦੇਸ਼ ਦੇ ਅੰਦਰ 1.32 ਕਰੋੜ ਤੋਂ ਵੱਧ ਲੋਕਾਂ ਨੇ ਹਵਾਈ ਯਾਤਰਾ ਕੀਤੀ ਹੈ। ਇਹ ਸੰਖਿਆ ਅਪ੍ਰੈਲ ਦੇ ਮੁਕਾਬਲੇ 3 ਫ਼ੀਸਦੀ ਜ਼ਿਆਦਾ ਹੈ। ਮਈ ਦਾ ਮਹੀਨਾ ਏਅਰਲਾਈਨ ਕੰਪਨੀਆਂ ਦੇ ਲਈ ਬਹੁਤ ਚੰਗਾ ਰਿਹਾ ਹੈ, ਕਿਉਂਕਿ ਇਸ ਮਹੀਨੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਹਵਾਈ ਯਾਤਰਾ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ 2019 ਵਿੱਚ ਸਭ ਤੋਂ ਵੱਧ 1.30 ਕਰੋੜ ਲੋਕਾਂ ਨੇ ਹਵਾਈ ਯਾਤਰਾ ਕੀਤੀ ਸੀ। ਇਸ ਸਮੇਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਲੋਕ ਹਵਾਈ ਯਾਤਰਾਂ ਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਘੁੰਮਣ ਲਈ ਜਾ ਰਹੇ ਹਨ। 

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇੰਡੀਗੋ ਦੀਆਂ ਉਡਾਣਾਂ ਦੁਆਰਾ 81 ਲੱਖ ਤੋਂ ਵੱਧ ਲੋਕਾਂ ਨੇ ਯਾਤਰਾ ਕੀਤੀ ਹੈ। ਕੰਪਨੀ ਨੇ ਘਰੇਲੂ ਹਵਾਬਾਜ਼ੀ ਬਾਜ਼ਾਰ ਵਿੱਚ 61.4 ਫ਼ੀਸਦੀ ਹਿੱਸੇ 'ਤੇ ਕਬਜ਼ਾ ਕੀਤਾ ਹੈ। 2023 ਦੇ ਪਹਿਲੇ ਚਾਰ ਮਹੀਨਿਆਂ 'ਚ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ 54 ਤੋਂ 58 ਫੀਸਦੀ ਦੇ ਵਿਚਕਾਰ ਸੀ। ਇਸ ਤੋਂ ਪਹਿਲਾਂ ਜੁਲਾਈ 2020 'ਚ ਕੰਪਨੀ ਦੀ ਮਾਰਕੀਟ ਸ਼ੇਅਰ 60 ਫੀਸਦੀ ਨੂੰ ਪਾਰ ਕਰ ਗਈ ਸੀ। ਏਅਰਲਾਈਜ਼ GoFirst ਇਸ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿਸ ਦਾ ਫ਼ਾਇਦਾ ਹੋਰ ਏਅਰਲਾਈਨਾਂ ਨੂੰ ਹੋ ਰਿਹਾ ਹੈ।


author

rajwinder kaur

Content Editor

Related News