ਦਸੰਬਰ ਤਕ 3% ਮਜਬੂਤ ਹੋ ਸਕਦੈ ਰੁਪਿਆ, ਫਿਰ ਵੀ ਹੋਵੇਗੀ NRIs ਦੀ ਮੌਜ!

Monday, Sep 17, 2018 - 12:49 PM (IST)

ਮੁੰਬਈ— ਸਰਕਾਰ ਨੇ ਪਿਛਲੇ ਹਫਤੇ ਕਰੰਸੀ ਅਤੇ ਬਾਂਡ ਮਾਰਕੀਟ ਲਈ ਜਿਨ੍ਹਾਂ ਉਪਾਵਾਂ ਦਾ ਐਲਾਨ ਕੀਤਾ, ਉਨ੍ਹਾਂ ਨਾਲ ਇਸ ਸਾਲ ਦੇ ਅਖੀਰ ਤਕ ਰੁਪਿਆ 3 ਫੀਸਦੀ ਤਕ ਮਜਬੂਤ ਹੋ ਸਕਦਾ ਹੈ। ਹਾਲਾਂਕਿ, ਇਨ੍ਹਾਂ ਉਪਾਵਾਂ ਦੇ ਬਾਵਜੂਦ ਭਾਰਤੀ ਕਰੰਸੀ ਦੇ ਇਕ ਦਾਇਰੇ 'ਚ ਰਹਿਣ ਦੀ ਸੰਭਾਵਨਾ ਹੈ। ਮਾਹਰਾਂ ਮੁਤਾਬਕ ਇਸ ਹਫਤੇ ਰੁਪਏ 'ਚ ਕੁਝ ਰਿਕਵਰੀ ਹੋ ਸਕਦੀ ਹੈ ਪਰ ਇਹ ਟਿਕਾਊ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਗਲੋਬਲ ਕਾਰਨ ਰੁਪਏ ਨੂੰ ਅੱਗੇ ਵੀ ਪ੍ਰਭਾਵਿਤ ਕਰਦੇ ਰਹਿਣਗੇ। ਤੁਰਕੀ ਦੀ ਕਰੰਸੀ ਲੀਰਾ ਜਾਂ ਅਰਜਨਟੀਨਾ ਦੀ ਪੈਸੋ ਜਾਂ ਰੂਸ ਦੀ ਰੂਬਲ ਦੀ ਖਰਾਬ ਹਾਲਤ ਦੇ ਮੱਦੇਨਜ਼ਰ ਉਭਰਦੇ ਬਾਜ਼ਾਰਾਂ ਨੂੰ ਲੈ ਕੇ ਨਿਵੇਸ਼ ਧਾਰਨਾ ਕਮਜ਼ੋਰ ਬਣੀ ਹੋਈ ਹੈ। ਇੱਧਰ ਵਿਦੇਸ਼ੀ ਨਿਵੇਸ਼ਕ ਸੁਰੱਖਿਆਤ ਨਿਵੇਸ਼ ਦੀ ਤਲਾਸ਼ 'ਚ ਹਨ। 

ਐੱਚ. ਐੱਸ. ਬੀ. ਸੀ. ਇੰਡੀਆ 'ਚ ਫਿਕਸਡ ਇਨਕਮ ਦੇ ਮੁਖੀ ਅਤੇ ਮੈਨੇਜਿੰਗ ਡਾਇਰੈਕਟਰ ਮਨੀਸ਼ ਵਾਧਵਾਨ ਨੇ ਕਿਹਾ ਕਿ ਉਭਰਦੇ ਬਾਜ਼ਾਰ ਕਮਜ਼ੋਰ ਹਨ। ਇਸ ਲਈ ਵਿਦੇਸ਼ੀ ਨਿਵੇਸ਼ਕ ਅਜੇ ਇਨ੍ਹਾਂ 'ਚ ਪੈਸਾ ਨਹੀਂ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਹਫਤੇ ਜਿਨ੍ਹਾਂ ਉਪਾਵਾਂ ਦਾ ਐਲਾਨ ਕੀਤਾ ਹੈ, ਜਦੋਂ ਤਕ ਉਨ੍ਹਾਂ ਦਾ ਪੂਰਾ ਵੇਰਵਾ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤਕ ਉਹ ਇੱਥੇ ਨਿਵੇਸ਼ ਨਹੀਂ ਕਰਨਗੇ। ਰੁਪਿਆ ਪਿਛਲੇ ਬੁੱਧਵਾਰ 72.92 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ ਪਰ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਹ ਰਿਕਵਰੀ ਦੇ ਨਾਲ 71.86 'ਤੇ ਬੰਦ ਹੋਇਆ ਸੀ। ਸਰਕਾਰ ਦੇ ਕਰੰਸੀ ਨੂੰ ਮਜਬੂਤ ਕਰਨ ਦੇ ਕਦਮਾਂ ਨਾਲ ਉਸ ਦੌਰਾਨ ਰੁਪਏ 'ਚ ਮਜਬੂਤੀ ਆਈ ਸੀ। ਜ਼ਿਆਦਾਤਰ ਕਰੰਸੀ ਟਰੇਡਰਾਂ ਮੁਤਾਬਕ ਦਸੰਬਰ 2018 ਤਕ ਰੁਪਿਆ 69.5-73 ਵਿਚਕਾਰ ਰਹਿ ਸਕਦਾ ਹੈ ਅਤੇ ਗੰਭੀਰ ਸਥਿਤੀ 'ਚ 68-75 ਵਿਚਕਾਰ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ 'ਚ ਇਕ ਡਾਲਰ 63-64 ਰੁਪਏ ਦੇ ਬਰਾਬਰ ਸੀ, ਜੋ ਹੁਣ 71-72 ਰੁਪਏ ਵਿਚਕਾਰ ਘੁੰਮ ਰਿਹਾ ਹੈ। ਉੱਥੇ ਹੀ ਜੇਕਰ ਡਾਲਰ ਦੇ ਮੁਕਾਬਲੇ ਰੁਪਿਆ ਦਸੰਬਰ ਤਕ ਮਜਬੂਤ ਹੋ ਕੇ 69.5 ਦੇ ਪੱਧਰ 'ਤੇ ਜਾਂਦਾ ਹੈ, ਤਾਂ ਵੀ ਐੱਨ. ਆਰ. ਆਈ. ਪਰਿਵਾਰਾਂ ਨੂੰ ਫਾਇਦਾ ਹੋਵੇਗਾ।


Related News