ਇੰਡੀਅਨ ਆਇਲ ਦਾ ਸ਼ੁੱਧ ਮੁਨਾਫਾ 10 ਗੁਣਾ ਵੱਧ ਕੇ 6,200 ਕਰੋੜ ਤੋਂ ਪਾਰ

Friday, Oct 30, 2020 - 03:58 PM (IST)

ਇੰਡੀਅਨ ਆਇਲ ਦਾ ਸ਼ੁੱਧ ਮੁਨਾਫਾ 10 ਗੁਣਾ ਵੱਧ ਕੇ 6,200 ਕਰੋੜ ਤੋਂ ਪਾਰ

ਨਵੀਂ ਦਿੱਲੀ— ਭਾਰਤ ਦੀ ਮੋਹਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦਾ ਸ਼ੁੱਧ ਮੁਨਾਫਾ ਸਤੰਬਰ ਤਿਮਾਹੀ 'ਚ 10 ਗੁਣਾ ਵੱਧ ਕੇ 6,227.31 ਕਰੋੜ ਰੁਪਏ 'ਤੇ ਪਹੁੰਚ ਗਿਆ। ਕੰਪਨੀ ਨੇ ਕਿਹਾ ਕਿ ਭੰਡਾਰ 'ਤੇ ਹੋਏ ਲਾਭ ਅਤੇ ਬਿਹਤਰ ਕਮਾਈ ਦੇ ਦਮ 'ਤੇ ਉਸ ਦਾ ਇਕਜੁੱਟ ਸ਼ੁੱਧ ਮੁਨਾਫਾ 6,227.13 ਕਰੋੜ ਰੁਪਏ ਯਾਨੀ 6.78 ਰੁਪਏ ਪ੍ਰਤੀ ਸ਼ੇਅਰ ਰਿਹਾ।


ਸਾਲ ਭਰ ਪਹਿਲਾਂ ਕੰਪਨੀ ਦਾ ਸ਼ੁੱਧ ਲਾਭ 563.42 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਕਿਹਾ ਕਿ ਸਤੰਬਰ ਤਿਮਾਹੀ 'ਚ ਉਸ ਦੀ ਈਂਧਣ ਵਿਕਰੀ 177 ਲੱਖ ਟਨ ਰਹੀ, ਜੋ ਜੂਨ ਤਿਮਾਹੀ ਤੋਂ 16 ਫੀਸਦੀ ਜ਼ਿਆਦਾ ਹੈ। ਹਾਲਾਂਕਿ, ਇਹ ਸਾਲ ਭਰ ਪਹਿਲਾਂ ਦੀ ਇਸੇ ਤਿਮਾਹੀ ਦੇ 201.7 ਲੱਖ ਟਨ ਦੀ ਤੁਲਨਾ 'ਚ 12 ਫੀਸਦੀ ਘੱਟ ਹੈ। ਇਸ ਦੌਰਾਨ ਆਈ. ਓ. ਸੀ. ਸੁਧਾਈ ਪਲਾਂਟਾਂ ਨੇ ਤਕਰੀਬਨ 140 ਲੱਖ ਟਨ ਕੱਚਾ ਤੇਲ ਸੋਧਿਆ। ਇਹ ਜੂਨ ਤਿਮਾਹੀ ਦੇ 130 ਲੱਖ ਟਨ ਤੋਂ ਜ਼ਿਆਦਾ ਪਰ ਸਤੰਬਰ 2019 ਦੇ 175 ਲੱਖ ਟਨ ਤੋਂ ਘੱਟ ਹੈ।

ਕੰਪਨੀ ਦਾ ਸੰਚਾਲਨ ਤੋਂ ਪ੍ਰਾਪਤ ਮਾਲੀਆ ਸਾਲ ਭਰ ਪਹਿਲਾਂ ਦੇ 1.32 ਲੱਖ ਕਰੋੜ ਰੁਪਏ ਦੀ ਤੁਲਨਾ 'ਚ ਘੱਟ ਹੋ ਕੇ 1.15 ਲੱਖ ਕਰੋੜ ਰੁਪਏ 'ਤੇ ਆ ਗਿਆ। ਕੰਪਨੀ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਨੇ ਚਾਲੂ ਵਿੱਤੀ ਸਾਲ 'ਚ ਇਕ ਜਾਂ ਜ਼ਿਆਦਾ ਖੇਪ 'ਚ ਬਾਂਡ ਅਤੇ ਡਿਬੈਂਚਰ ਜਾਰੀ ਕਰਕੇ 20 ਹਜ਼ਾਰ ਕਰੋੜ ਰੁਪਏ ਤੱਕ ਦਾ ਕਰਜ਼ ਜੁਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।


author

Sanjeev

Content Editor

Related News