ਭਾਰਤੀ ਫਲ-ਸਬਜ਼ੀਆਂ ਨਾਲ ਭਰੇ ਵਾਹਨ ਨੇਪਾਲ ਨੇ ਇਸ ਕਾਰਨ ਰੋਕੇ
Friday, Jul 12, 2019 - 12:33 PM (IST)

ਨੇਪਾਲ — ਭਾਰਤ ਤੋਂ ਨੇਪਾਲ ਜਾਣ ਵਾਲੇ ਫਲ ਤੇ ਸਬਜ਼ੀਆਂ ਦੀ ਰੋਕ 'ਤੇ ਇਕ ਰਿਟ ਦੀ ਸੁਣਵਾਈ ਕਰਦੇ ਹੋਏ ਨੇਪਾਲ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਬਗੈਰ ਲੈਬ ਟੈਸਟ ਦੇ ਇਨ੍ਹਾਂ ਵਸਤੂਆਂ ਦਾ ਆਯਾਤ ਨਾ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਬਾਅਦ ਸਰਕਾਰ ਦੇ ਫਰਮਾਨ 'ਤੇ ਨੇਪਾਲ ਕਸਟਮ ਨੇ ਭਾਰਤੀ ਫਲ-ਸਬਜ਼ੀਆਂ ਦੀਆਂ ਗੱਡੀਆਂ ਨੂੰ ਫਿਰ ਰੋਕ ਦਿੱਤਾ ਹੈ। ਹੁਣ ਭਾਰਤ ਤੋਂ ਉਹ ਹੀ ਫਲ ਅਤੇ ਸਬਜ਼ੀਆਂ ਨੇਪਾਲ ਭੇਜੀਆਂ ਜਾ ਸਕਣਗੀਆਂ ਜਿਨ੍ਹਾਂ ਨੂੰ ਲੈਬ ਟੈਸਟ ਵਿਚ ਹਰੀ ਝੰਡੀ ਮਿਲੇਗੀ।
ਨੇਪਾਲ ਸੁਪਰੀਮ ਕੋਰਟ ਦੇ ਜਸਟਿਸ ਡਾ. ਆਨੰਦ ਮੋਹਨ ਨੇ ਜਯੋਤੀ ਬਨਿਆ ਦੀ ਸ਼ਿਕਾਇਤ 'ਤੇ ਬਹਿਸ ਦੇ ਦੌਰਾਨ ਨੇਪਾਲ ਸਰਕਾਰ ਦੇ ਮੰਤਰੀ ਮੰਡਲ ਦੇ ਫੈਸਲੇ ਨੂੰ ਗਲਤ ਠਹਿਰਾਇਆ। ਇਸ ਦੇ ਨਾਲ ਹੀ ਭਾਰਤ ਤੋਂ ਆਉਣ ਵਾਲੇ ਫਲ ਅਤੇ ਸਬਜ਼ੀਆਂ ਦਾ ਟੈਸਟ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਦੇ ਆਦੇਸ਼ ਤੋਂ ਬਾਅਦ ਸਰਕਾਰ ਨੇ ਸਾਰੇ ਭੰਸਾਰ ਦਫਤਰ ਨੂੰ ਨਜ਼ਦੀਕ ਦੀ ਪ੍ਰਯੋਗਸ਼ਾਲਾ ਵਿਚ ਟੈਸਟ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ।
ਇਸੇ ਸਿਲਸਿਲੇ 'ਚ ਵੀਰਵਾਰ ਨੂੰ ਭੈਰਹਵਾ ਭੰਸਾਰ ਦਫਤਰ ਪਹੁੰਚੀ ਭਾਰਤੀ ਫਲ ਅਤੇ ਸਬਜ਼ੀਆਂ ਦੀਆਂ ਗੱਡੀਆਂ ਨੂੰ ਰੋਕ ਕੇ ਬੁਟਵਲ ਦੀ ਪ੍ਰੋਯਗਸ਼ਾਲਾ 'ਚ ਜਾਂਚ ਲਈ ਫਲ ਅਤੇ ਸਬਜ਼ੀਆਂ ਦੇ ਨਮੂਨੇ ਭੇਜੇ ਗਏ। ਰਿਪੋਰਟ ਮਿਲਣ ਦੇ ਬਾਅਦ ਜਿਹੜੇ ਫਲ ਅਤੇ ਸਜ਼ੀਆਂ ਖਾਣ ਯੋਗ ਹੋਣਗੀਆਂ, ਉਨ੍ਹਾਂ ਨੂੰ ਹੀ ਪਾਸ ਕੀਤਾ ਜਾਵੇਗਾ।
ਭਾਰਤੀ ਵਪਾਰੀਆਂ ਦੀਆਂ ਵਧੀਆਂ ਮੁਸ਼ਕਲਾਂ
ਭਾਰਤ-ਨੇਪਾਲ ਦੀ ਸੀਨੌਲੀ ਸਰਹੱਦ ਤੋਂ ਹਰ ਰੋਜ਼ ਛੋਟੇ-ਵੱਡੇ ਸੈਕੜੇਂ ਵਾਹਨਾਂ ਜ਼ਰੀਏ ਫਲ ਅਤੇ ਸਬਜ਼ੀਆਂ ਭਾਰਤ ਤੋਂ ਨੇਪਾਲ ਭੇਜੀਆਂ ਜਾਂਦੀਆਂ ਹਨ। ਇਹ ਭਾਰਤ ਦੇ ਕਰਨਾਟਕ, ਮੱਧਪ੍ਰਦੇਸ਼, ਮਹਾਰਸ਼ਟਰ, ਕਾਨਪੁਰ, ਬਸਤੀ, ਬਨਾਰਸ, ਗੋਰਖਪੁਰ, ਕੁਸ਼ੀਨਗਰ, ਦੇਵਰਿਆ, ਮਹਾਰਾਜਗੰਜ ਆਦਿ ਜ਼ਿਲਿਆਂ ਤੋਂ ਆਉਂਦੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਦੂਰ ਤੋਂ ਆਉਣ ਕਰਕੇ 20 ਫੀਸਦੀ ਮਾਲ ਰਸਤੇ ਵਿਚ ਹੀ ਖਰਾਬ ਹੋ ਜਾਂਦਾ ਹੈ। ਹੁਣ ਨੇਪਾਲ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਛੋਟੇ ਵਪਾਰੀਆਂ ਸਾਹਮਣੇ ਰੋਜ਼ੀ-ਰੋਟੀ ਦਾ ਸਵਾਲ ਖੜ੍ਹਾ ਹੋ ਸਕਦਾ ਹੈ।