ਹੁਣ ਭਾਰਤ ਭਰੇਗਾ ਦੁਨੀਆ ਦਾ ਢਿੱਡ, ਇਸ ਸਾਲ ਹੋਵੇਗੀ ਕਣਕ ਦੀ ਰਿਕਾਰਡ ਬਰਾਮਦ

Wednesday, Mar 30, 2022 - 10:33 AM (IST)

ਹੁਣ ਭਾਰਤ ਭਰੇਗਾ ਦੁਨੀਆ ਦਾ ਢਿੱਡ, ਇਸ ਸਾਲ ਹੋਵੇਗੀ ਕਣਕ ਦੀ ਰਿਕਾਰਡ ਬਰਾਮਦ

ਨਵੀਂ ਦਿੱਲੀ- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਕਾਰਨ ਦੁਨੀਆ ਭਰ ’ਚ ਕਣਕ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਭਾਰਤ ਦੇ ਕੋਲ ਕਣਕ ਦੇ ਬਫਰ ਸ‍ਟਾਕ ਹੋਣ ਦੀਆਂ ਖ਼ਬਰਾਂ ਨਾਲ ਇਨ੍ਹਾਂ ਕੀਮਤਾਂ ’ਤੇ ਲਗਾਮ ਲੱਗੀ ਹੈ। ਭਾਰਤ ਦੇ ਕੋਲ ਫਿਲਹਾਲ 12 ਮਿਲੀਅਨ ਟਨ ਬਰਾਮਦ ਯੋਗ ਕਣਕ ਦਾ ਸ‍ਟਾਕ ਹੈ। ਇਸ ਸਾਲ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਨੂੰ ਕਣਕ ਬਰਾਮਦ ਕਰੇਗਾ, ਜੋ ਪਹਿਲਾਂ ਰੂਸ ਅਤੇ ਯੂਕ੍ਰੇਨ ਤੋਂ ਕਣਕ ਲੈਂਦੇ ਸਨ। ਇਨ੍ਹਾਂ ਦੇਸ਼ਾਂ ’ਚ ਦੁਨੀਆ ਦਾ ਸਭ ਤੋਂ ਵੱਡਾ ਕਣਕ ਦਰਾਮਦਕਾਰ ਮਿਸਰ ਵੀ ਸ਼ਾਮਲ ਹੈ।
ਦੁਨੀਆ ਭਰ ਦੇ ਖਾਣ-ਪੀਣ ਦੀਆਂ ਵਸ‍ਤਾਂ ’ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਵਿਸ਼‍ਵ ਭਰ ’ਚ ਰੂਸ-ਯੂਕ੍ਰੇਨ ਜੰਗ, ਅਕਾਲ ਅਤੇ ਮੰਗ ਵਧਣ ਕਾਰਨ ਭਾਰੀ ਵਾਧਾ ਹੋਇਆ ਹੈ। ਸ਼ਿਕਾਗੋ ’ਚ ਬੈਂਚਮਾਰਕ ਕਣਕ ਦੇ ਭਾਅ 13.635 ਡਾਲਰ ਪ੍ਰਤੀ ਬੁਸ਼ੇਲ ਦੇ ਸਭ ਤੋਂ ਉੱਚ‍ੇ ਪੱਧਰ ਨੂੰ ਪਿਛਲੇ ਮਹੀਨੇ ਹੀ ਛੂਹ ਚੁੱਕੇ ਹਨ। ਭਾਰਤ ਦੀ ਕਣਕ ਬਰਾਮਦ ਕਰਨ ਨਾਲ ਗਲੋਬਲ ਬਾਜ਼ਾਰ ’ਚ ਕਣਕ ਦੀ ਸਪ‍ਲਾਈ ਵਧੇਗੀ। ਇਸ ਖਬਰ ਨਾਲ ਕੀਮਤਾਂ ’ਚ ਵਾਧਾ ਰੁਕਿਆ ਹੈ।
ਭਾਰਤ ਚੀਨ ਤੋਂ ਬਾਅਦ ਦੁਨੀਆ ’ਚ ਦੂਜਾ ਸਭ ਤੋਂ ਵੱਡਾ ਕਣਕ ਉਤ‍ਪਾਦਕ ਹੈ। ਬ‍ਲੂਮਬਰਗ ਸਰਵੇ ਅਨੁਸਾਰ ਸਾਲ 2022-23 ’ਚ ਭਾਰਤ ਦੇ ਕੋਲ ਬਰਾਮਦ ਕਰਨ ਯੋਗ 12 ਮਿਲੀਅਨ ਟਨ ਕਣਕ ਹੈ। ਅਮਰੀਕੀ ਖੇਤੀਬਾੜੀ ਵਿਭਾਗ ਦੇ ਅਨੁਸਾਰ ਵਿੱਤੀ ਸਾਲ 2021-22 ’ਚ ਭਾਰਤ ਨੇ 8.5 ਮਿਲੀਅਨ ਟਨ ਕਣਕ ਦੀ ਬਰਾਮਦ ਕੀਤੀ ਸੀ। ਸਪ‍ਲਾਈ ਘੱਟ ਹੋਣ ਅਤੇ ਕਣਕ ਦੀਆਂ ਕੀਮਤਾਂ ਵਧਣ ਨਾਲ ਹੀ ਬਹੁਤ ਸਾਰੇ ਦੇਸ਼ ਪਹਿਲੀ ਵਾਰ ਭਾਰਤ ਤੋਂ ਕਣਕ ਦੀ ਦਰਾਮਦ ਕਰਨਗੇ। ਪਿਛਲੇ ਪੰਜ ਫਸਲੀ ਸੀਜ਼ਨਾਂ ਤੋਂ ਭਾਰਤ ’ਚ ਰਿਕਾਰਡ ਕਣਕ ਦਾ ਉਤ‍ਪਾਦਨ ਹੋ ਰਿਹਾ ਹੈ। ਇਸ ਕਾਰਨ ਭਾਰਤ ਦੇ ਕੋਲ ਕਣਕ ਦਾ ਲੋੜੀਂਦਾ ਵਾਧੂ ਭੰਡਾਰ ਹੈ, ਜਿਸ ਦੀ ਉਹ ਬਰਾਮਦ ਕਰ ਸਕਦਾ ਹੈ। ਇਸ ਵਾਰ ਦਾ ਕਣਕ ਕਟਾਈ ਸੀਜ਼ਨ ਵੀ ਹੁਣ ਸ਼ੁਰੂ ਹੋ ਗਿਆ ਹੈ। ਇਸ ਵਾਰ ਵੀ ਰਿਕਾਰਡ ਉਤ‍ਪਾਦਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਮਿਸਰ ਨੂੰ ਕਣਕ ਬਰਾਮਦ ਕਰੇਗਾ ਭਾਰਤ
ਕਣਕ ਬਰਾਮਦ ਨੂੰ ਲੈ ਕੇ ਭਾਰਤ ਦੀ ਕਣਕ ਦੇ ਸਭ ਤੋਂ ਵੱਡੇ ਦਰਾਮਦਕਾਰ ਮਿਸਰ ਨਾਲ ਗੱਲਬਾਤ ਲਗਭਗ ਫਾਈਨਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਚੀਨ, ਤੁਰਕੀ, ਬੋਸਨੀਆ, ਸੂਡਾਨ, ਨਾਇਜੀਰੀਆ ਅਤੇ ਈਰਾਨ ਵੀ ਕਣਕ ਲੈਣ ਲਈ ਭਾਰਤ ਨਾਲ ਗੱਲਬਾਤ ਕਰ ਰਹੇ ਹਨ। ਬੀਤੇ 10 ਮਹੀਨਿਆਂ ’ਚ ਹੀ ਭਾਰਤ ਦੀ ਕਣਕ ਬਰਾਮਦ ’ਚ ਚਾਰ ਗੁਣਾ ਵਾਧਾ ਹੋਇਆ ਹੈ। ਬਦਲੇ ਹੋਅ ਗਲੋਬਲ ਹਾਲਾਤਾਂ ’ਚ ਭਾਰਤ ਨੂੰ ਬੰਗ‍ਲਾਦੇਸ਼ ਵਰਗੇ ਗੁਆਂਢੀ ਦੇਸ਼ਾਂ ਤੋਂ ਇਲਾਵਾ ਹੁਣ ਅਫਰੀਕਾ ਅਤੇ ਮਿਡਲ ਈਸ‍ਟ ਰੀਜਨ ’ਚ ਵੀ ਬਰਾਮਦ ਕਣਕ ਬਰਾਮਦ ਦੇ ਮੌਕੇ ਮਿਲਣਗੇ।
ਭਾਰਤ ਦੇਵੇਗਾ ਦੁਨੀਆ ਨੂੰ ਰਾਹਤ
ਇਕ ਰਿਪੋਰਟ ਅਨੁਸਾਰ ਸਿੰਗਾਪੁਰ ਸਥਿਤ ਅਨਾਜ ਦੀ ਵੱਡੀ ਦਰਾਮਦ-ਬਰਾਮਦ ਫਰਮ ਐਗਰੀਕੂਪ ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕ‍ਟਰ ਵਿਜੇ ਅਇੰਗਰ ਦਾ ਕਹਿਣਾ ਹੈ ਕਿ ਭਾਰਤ ਦੇ ਕਣਕ ਬਰਾਮਦ ਕਰਨ ਨਾਲ ਗਲੋਬਲ ਮਾਰਕੀਟ ’ਚ ਕਣਕ ਦੀ ਸਪ‍ਲਾਈ ਕੁਝ ਨਾਰਮਲ ਹੋਵੇਗੀ। ਫਿਲਹਾਲ ਸਪ‍ਲਾਈ ਬਹੁਤ ਘੱਟ ਹੈ। ਅਇੰਗਰ ਦਾ ਕਹਿਣਾ ਹੈ ਕਿ ਭਾਰਤ ਦੇ ਕਣਕ ਬਰਾਮਦ ਕਰਨ ਦੀਆਂ ਸੰਭਾਵਨਾਵਾਂ ਨੇ ਹੀ ਕੀਮਤਾਂ ’ਤੇ ਕੁੱਝ ਲਗਾਮ ਲਗਾਈ ਹੈ। ਜੇਕਰ ਭਾਰਤ ਕਣਕ ਬਰਾਮਦ ਨਹੀਂ ਕਰਦਾ ਤਾਂ ਕਣਕ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਉਂਦਾ।
ਅਇੰਗਰ ਦਾ ਕਹਿਣਾ ਹੈ ਕਿ ਹੁਣ ਹਾਲਾਤ ਇਹ ਹੈ ਕਿ ਹਰ ਕਣਕ ਦਰਾਮਦਕਾਰ ਦੇਸ਼ ਭਾਰਤ ਤੋਂ ਕਣਕ ਲੈਣ ’ਤੇ ਵਿਚਾਰ ਕਰ ਰਿਹਾ ਹੈ। ਅਇੰਗਰ ਨੇ ਇਹ ਵੀ ਕਿਹਾ ਕਿ ਭਾਰਤੀ ਕਣਕ ਨੂੰ ਲੈ ਕੇ ਜਿੰਨਾ ਉਤ‍ਸ਼ਾਹ ਇਸ ਵਾਰ ਵੇਖਿਆ ਜਾ ਰਿਹਾ ਹੈ, ਅਜਿਹਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਹੈ।


author

Aarti dhillon

Content Editor

Related News