ਅਮਰੀਕਾ ਨੂੰ ਲਲਕਾਰਨ ਵਾਲੇ ਚੀਨ ਨੂੰ ਚੌਲ ਖੁਆਏਗਾ ਭਾਰਤ
Friday, Sep 28, 2018 - 02:15 AM (IST)
ਨਵੀਂ ਦਿੱਲੀ (ਭਾਸ਼ਾ)— ਅਮਰੀਕਾ ਨੂੰ ਲਲਕਾਰਨ ਵਾਲੇ ਚੀਨ ਨੂੰ ਭਾਰਤ ਹੁਣ ਚੌਲ ਖੁਆਉਣ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਭਾਰਤ ਚੀਨ ਨੂੰ ਚੌਲਾਂ ਦੀ ਬਰਾਮਦ ਕਰ ਰਿਹਾ ਹੈ। ਵਣਜ ਮੰਤਰਾਲਾ ਮੁਤਾਬਕ ਚੀਨ ਨੂੰ ਗੈਰ-ਬਾਸਮਤੀ ਚੌਲ ਬਰਾਮਦ ਕੀਤਾ ਜਾ ਰਿਹਾ ਹੈ। 28 ਸਤੰਬਰ ਨੂੰ ਨਾਗਪੁਰ ਤੋਂ 100 ਟਨ ਗੈਰ-ਬਾਸਮਤੀ ਚੌਲਾਂ ਦੀ ਸ਼ਿਪਮੈਂਟ ਚੀਨ ਲਈ ਰਵਾਨਾ ਹੋਵੇਗੀ। ਚੀਨ ਅਤੇ ਭਾਰਤ ਵਿਚਾਲੇ ਵਧਦੇ ਵਪਾਰ ਘਾਟੇ ਨੂੰ ਵੇਖਦਿਆਂ ਇਸ ਬਰਾਮਦ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਚੀਨ ਇਨ੍ਹੀਂ ਦਿਨੀਂ ਪਹਿਲਾਂ ਤੋਂ ਹੀ ਅਮਰੀਕਾ ਦੇ ਨਾਲ ਟ੍ਰੇਡ ਵਾਰ ਵਿਚ ਉਲਝਿਆ ਹੈ। ਅਜਿਹੇ ਵਿਚ ਭਾਰਤ ਨੂੰ ਚੀਨ ਵੱਲੋਂ ਗੈਰ-ਬਾਸਮਤੀ ਚੌਲ ਦੇ ਬਰਾਮਦ ਦਾ ਆਰਡਰ ਮਿਲਣਾ ਦੋਹਾਂ ਦੇਸ਼ਾਂ ਵਿਚਾਲੇ ਸੁਧਰਦੇ ਰਿਸ਼ਤੇ ਦੇ ਰੂਪ ਵਿਚ ਵੀ ਵੇਖਿਆ ਜਾ ਰਿਹਾ ਹੈ। ਭਾਰਤ ਚੀਨ ਦੇ ਖੁਰਾਕ ਬਾਜ਼ਾਰ ਵਿਚ ਆਪਣਾ ਦਾਖਲਾ ਚਾਹੁੰਦਾ ਹੈ। ਇਸ ਕੰਮ ਲਈ ਕਈ ਸਾਲਾਂ ਤੋਂ ਭਾਰਤ ਕੋਸ਼ਿਸ਼ ਕਰ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਯਾਤਰਾ ਦੌਰਾਨ ਇਸ ਸਾਲ ਜੂਨ ਵਿਚ ਚੌਲ ਬਰਾਮਦ ਦੇ ਐੱਮ. ਓ. ਯੂ. ਸਾਈਨ ਹੋਏ ਸਨ। ਵਣਜ ਮੰਤਰਾਲਾ ਮੁਤਾਬਕ ਫਿਲਹਾਲ ਚੀਨ ਵਿਚ ਗੈਰ-ਬਾਸਮਤੀ ਚੌਲ ਦੀ ਬਰਾਮਦ ਲਈ 19 ਚੌਲ ਮਿੱਲਾਂ ਅਤੇ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਰਜਿਸਟਰਡ ਕੀਤਾ ਗਿਆ ਹੈ।
ਚੌਲ ਦੇ ਨਾਲ ਸੋਇਆਬੀਨ ਦੀ ਵੀ ਹੋਵੇਗੀ ਬਰਾਮਦ
ਚੌਲ ਦੇ ਨਾਲ ਭਾਰਤ ਚੀਨ ਵਿਚ ਕਾਫ਼ੀ ਜ਼ਿਆਦਾ ਮਾਤਰਾ ਵਿਚ ਸੋਇਆਬੀਨ ਬਰਾਮਦ ਕਰਨ ਦੀ ਤਿਆਰੀ ਵਿਚ ਰੁੱਝ ਗਿਆ ਹੈ। ਸੋਇਆਬੀਨ ਬਰਾਮਦਕਾਰਾਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੀਨ ਦੀ ਸੋਇਆਬੀਨ ਬਰਾਮਦ ਵਿਚ 70 ਫ਼ੀਸਦੀ ਤੱਕ ਦੀ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਚੀਨ ਦੇ ਸੋਇਆ ਬਾਜ਼ਾਰ ਉੱਤੇ ਭਾਰਤ ਪਕੜ ਬਣਾਉਣ ਦੀ ਤਿਆਰੀ 'ਚ
ਰੁਪਏ ਵਿਚ ਹੋਣ ਵਾਲੀ ਗਿਰਾਵਟ ਅਤੇ ਸੋਇਆਬੀਨ ਦੇ ਉਤਪਾਦਨ ਵਿਚ ਵਾਧੇ ਦੀ ਵਜ੍ਹਾ ਨਾਲ ਭਾਰਤ ਚੀਨ ਦੇ ਸੋਇਆ ਬਾਜ਼ਾਰ ਵਿਚ ਆਪਣੀ ਪਕੜ ਬਣਾਉਣ ਦੀ ਤਿਆਰੀ ਵਿਚ ਹੈ। ਸੋਇਆਬੀਨ ਪ੍ਰੋਸੈੱਸਰਸ ਐਸੋਸੀਏਸ਼ਨ ਆਫ ਇੰਡੀਆ (ਸੋਪਿਆ) ਮੁਤਾਬਕ ਅਗਲੇ 2-3 ਮਹੀਨਿਆਂ ਵਿਚ ਚੀਨ ਦਾ ਸੋਇਆ ਬਾਜ਼ਾਰ ਭਾਰਤ ਲਈ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ।
