ਕਿਸਾਨਾਂ ਨੂੰ ਮਿਲੇਗੀ ਰੁਕੀ ਹੋਈ ਪੇਮੈਂਟ, 3 ਸਾਲਾਂ ''ਚ ਪਹਿਲੀ ਵਾਰ ਵਿਦੇਸ਼ ਜਾਏਗੀ ਖੰਡ

Wednesday, Oct 10, 2018 - 03:02 PM (IST)

ਮੁੰਬਈ— ਵਿਦੇਸ਼ੀ ਬਾਜ਼ਾਰਾਂ 'ਚ ਖੰਡ ਕੀਮਤਾਂ ਵਧਣ ਨਾਲ ਭਾਰਤੀ ਮਿੱਲਾਂ ਵੀ ਬਰਾਮਦ ਬਾਜ਼ਾਰ 'ਚ ਕੁੱਦ ਗਈਆਂ ਹਨ। ਜਾਣਕਾਰੀ ਮੁਤਾਬਕ, ਭਾਰਤੀ ਮਿੱਲਾਂ ਨੇ ਤਿੰਨ ਸਾਲਾਂ 'ਚ ਪਹਿਲੀ ਵਾਰ ਕੱਚੀ ਖੰਡ ਬਰਾਮਦ (ਐਕਸਪੋਰਟ) ਕਰਨ ਦੇ ਸੌਦੇ ਕੀਤੇ ਹਨ। ਨਿਊਯਾਰਕ ਕੀਮਤਾਂ ਮੌਜੂਦਾ ਸਮੇਂ 7 ਮਹੀਨਿਆਂ ਦੇ ਉੱਚੇ ਪੱਧਰ 'ਤੇ ਹਨ। ਉੱਥੇ ਹੀ ਸਰਕਾਰੀ ਸਬਸਿਡੀ ਨਾਲ ਮਿੱਲਾਂ ਦੀ ਬਰਾਮਦ ਹੋਰ ਲਾਹੇਵੰਦ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮਿੱਲਾਂ ਨੇ ਬਰਾਮਦ ਸੌਦੇ ਕਰਨ ਤੋਂ ਪੈਰ ਪਿੱਛੇ ਖਿੱਚ ਰੱਖੇ ਸਨ ਕਿਉਂਕਿ ਵਿਦੇਸ਼ੀ ਬਾਜ਼ਾਰਾਂ 'ਚ ਚੱਲ ਰਹੀ ਕੀਮਤ ਘਰੇਲੂ ਕੀਮਤਾਂ ਨਾਲੋਂ ਵੀ ਬਹੁਤ ਘੱਟ ਸੀ ਪਰ ਹੁਣ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੀ ਖੰਡ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਰੁਪਏ ਦੀ ਰਿਕਾਰਡ ਗਿਰਾਵਟ ਨੇ ਬਰਾਮਦ ਨੂੰ ਫਾਇਦੇਮੰਦ ਬਣਾ ਦਿੱਤਾ ਹੈ। ਮਿੱਲਾਂ ਦੇ ਮਾਲੀ ਹਾਲਾਤ ਸੁਧਰਨ ਨਾਲ ਗੰਨਾ ਕਿਸਾਨਾਂ ਦੇ ਰੁਕੇ ਹੋਏ ਬਕਾਏ ਜਲਦ ਮਿਲ ਜਾਣ ਦੇ ਆਸਾਰ ਹਨ।

ਮਿੱਲਾਂ ਨੇ 1,50,000 ਟਨ ਕੱਚੀ ਖੰਡ ਬਰਾਮਦ ਕਰਨ ਦਾ ਸੌਦਾ ਕੀਤਾ ਹੈ। ਇਹ ਸੌਦਾ ਤਕਰੀਬਨ 280 ਡਾਲਰ ਪ੍ਰਤੀ ਟਨ ਦੀ ਕੀਮਤ 'ਤੇ ਕੀਤਾ ਗਿਆ ਹੈ, ਜੋ ਕਿ ਨਵੰਬਰ-ਦਸੰਬਰ ਦੀ ਸ਼ਿਪਮੈਂਟ ਲਈ ਹੈ। ਮੰਨਿਆ ਜਾ ਰਿਹਾ ਹੈ ਭਾਰਤ ਵੱਲੋਂ ਵਿਦੇਸ਼ੀ ਬਾਜ਼ਾਰ 'ਚ ਸਪਲਾਈ ਵਧਾਉਣ ਨਾਲ ਗਲੋਬਲ ਕੀਮਤਾਂ 'ਤੇ ਅਸਰ ਪਵੇਗਾ ਅਤੇ ਬ੍ਰਾਜ਼ੀਲ ਤੇ ਥਾਈਲੈਂਡ ਦੀ ਬਾਜ਼ਾਰ ਹਿੱਸੇਦਾਰੀ ਨੂੰ ਝਟਕਾ ਲੱਗੇਗਾ। 
ਭਾਰਤੀ ਮਿੱਲਾਂ ਰਿਵਾਇਤੀ ਤੌਰ 'ਤੇ ਘਰੇਲੂ ਖਪਤ ਲਈ ਵਾਈਟ ਸ਼ੂਗਰ ਹੀ ਬਣਾਉਂਦੀਆਂ ਹਨ ਪਰ ਲਗਾਤਾਰ ਦੂਜੇ ਸਾਲ ਸਰਪਲਸ ਉਤਪਾਦਨ ਹੋਣ ਦੀ ਸੰਭਾਵਨਾ ਕਾਰਨ ਮਿੱਲਾਂ ਨੇ ਕੱਚੀ ਖੰਡ ਬਰਾਮਦ ਕਰਨ ਦੀ ਯੋਜਨਾ ਬਣਾ ਲਈ ਹੈ। ਪੱਛਮੀ ਖੰਡ ਮਿੱਲ ਸੰਗਠਨ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ 'ਚ ਅਚਾਨਕ ਭਾਰਤੀ ਮਿੱਲਾਂ ਦੇ ਪੱਖ 'ਚ ਹਵਾ ਵੱਗਣ ਲੱਗੀ ਹੈ। ਨਿਊਯਾਰਕ ਕੀਮਤਾਂ 'ਚ ਤੇਜ਼ੀ ਹੈ, ਰੁਪਏ 'ਚ ਗਿਰਾਵਟ ਚੱਲ ਰਹੀ ਹੈ ਅਤੇ ਸਰਕਾਰ ਨੇ ਵੀ ਪੈਕੇਜ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ, ਕੱਚੀ ਖੰਡ ਦੇ ਇਲਾਵਾ ਮਿੱਲਾਂ ਨੇ ਤਕਰੀਬਨ 305 ਡਾਲਰ ਪ੍ਰਤੀ ਟਨ ਦੀ ਕੀਮਤ 'ਤੇ 1,00,000 ਟਨ ਵਾਈਟ ਸ਼ੂਗਰ ਬਰਾਮਦ ਕਰਨ ਦਾ ਵੀ ਸੌਦਾ ਕੀਤਾ ਹੈ। ਇਹ ਸੌਦਾ ਅਕਤੂਬਰ-ਦਸੰਬਰ ਸ਼ਿਪਮੈਂਟ ਲਈ ਹੈ।


Related News