ਸਿੰਗਾਪੁਰ ’ਚ ਭਾਰਤ ਦੇ ਪੇਮੈਂਟ ਇਕੋਸਿਸਟਮ ਦਾ ਡੰਕਾ, ਹੁਣ ਵਿਦੇਸ਼ਾਂ ’ਚ ਵੀ ਕੰਮ ਕਰੇਗਾ UPI
Wednesday, Feb 22, 2023 - 10:43 AM (IST)
ਨਵੀਂ ਦਿੱਲੀ- ਭਾਰਤ ਦੇ ਪੇਮੈਂਟ ਈਕੋਸਿਸਟਮ ਦਾ ਡੰਕਾ ਹੁਣ ਸਿੰਗਾਪੁਰ ’ਚ ਵੀ ਵੱਜਣ ਲੱਗਾ ਹੈ। ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਅਤੇ ਸਿੰਗਾਪੁਰ ਦੇ ਪੇ-ਨਾਊ ਨੂੰ ਲਿੰਕ ਕਰ ਦਿੱਤਾ ਗਿਆ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਪੇਮੈਂਟ ਈਕੋਸਿਸਟਮ ਨੂੰ ਆਸਾਨ ਬਣਾਉਣ ’ਚ ਮਦਦ ਮਿਲੇਗੀ। ਇਸ ਵਰਚੁਅਲ ਲਾਂਚਿੰਗ ਦੌਰਾਨ ਪ੍ਰਧਾਨ ਮੰਤਰੀ (ਪੀ. ਐੱਮ.) ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪੀ. ਐੱਮ. ਲੀ ਸੀਨ ਲੂੰਗ ਵੀਡੀਓ ਕਾਨਫਰੰਸਿੰਗ ਜ਼ਰੀਏ ਮੌਜੂਦ ਰਹੇ। ਨਾਲ ਹੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੇ ਮੁਦਰਾ ਅਥਾਰਟੀ ਦੇ ਐੱਮ. ਡੀ. ਰਵੀ ਮੇਨਨ ਵੀ ਸ਼ਾਮਲ ਹੋਏ। ਇਸ ਕਦਮ ਦੇ ਨਾਲ ਹੀ ਇਹ ਤੈਅ ਹੋ ਗਿਆ ਹੈ ਕਿ ਯੂ. ਪੀ. ਆਈ. ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਹੋਰ ਦੇਸ਼ਾਂ ਨੂੰ ਵੀ ਇਸ ਦਾ ਫਾਇਦਾ ਮਿਲਦਾ ਹੈ।
ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਪ੍ਰਵਾਸੀ ਭਾਰਤੀ, ਵਿਦਿਆਰਥੀਆਂ ਨੂੰ ਹੋਵੇਗਾ ਵਿਸ਼ੇਸ਼ ਫਾਇਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਵਿਚਾਲੇ ‘ਕਰਾਸ ਬਾਰਡਰ ਫਿਨਟੈੱਕ ਕੁਨੈਕਟਿਵਿਟੀ’ ਦੀ ਅੱਜ ਹੋਈ ਇਸ ਸ਼ੁਰੂਆਤ ਨਾਲ ਇਕ ਨਵੇਂ ਅਧਿਆਏ ਦਾ ਸ਼ੁਭ ਅਰੰਭ ਹੋਇਆ ਹੈ। ਅੱਜ ਤੋਂ ਬਾਅਦ ਸਿੰਗਾਪੁਰ ਅਤੇ ਭਾਰਤ ਦੇ ਲੋਕ ਆਪਣੇ ਮੋਬਾਇਲ ਫੋਨ ਰਾਹੀਂ ਠੀਕ ਉਸੇ ਤਰ੍ਹਾਂ ਪੈਸੇ ਦਾ ਲੈਣ-ਦੇਣ ਕਰ ਸਕਣਗੇ ਜਿਵੇਂ ਕਿ ਉਹ ਆਪਣੇ-ਆਪਣੇ ਦੇਸ਼ਾਂ ’ਚ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਹੂਲਤ ਦਾ ਸਭ ਤੋਂ ਜ਼ਿਆਦਾ ਫਾਇਦਾ ਪ੍ਰਵਾਸੀ ਭਾਰਤੀਆਂ, ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਵੇਗਾ। ਇਸ ਸਹੂਲਤ ਕਾਰਨ ਸਿੰਗਾਪੁਰ ’ਚ ਕੰਮ ਕਰਨ ਵਾਲੇ ਭਾਰਤੀ ਲੋਕ ਆਸਾਨੀ ਨਾਲ ਆਪਣੇ ਘਰ ਅਤੇ ਪਰਿਵਾਰ ਦੇ ਲੋਕਾਂ ਨੂੰ ਪੈਸੇ ਭੇਜ ਸਕਣਗੇ। ਉੱਥੇ ਹੀ, ਉੱਥੇ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਘਰ ਤੋਂ ਪੈਸੇ ਮੰਗਵਾਉਣ ’ਚ ਵੀ ਮੁਸ਼ਕਿਲ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਨਕਦ ਲੈਣ-ਦੇਣ ਨੂੰ ਪਛਾੜ ਦੇਵੇਗਾ ਡਿਜੀਟਲ ਟਰਾਂਜੈਕਸ਼ਨ
ਪੀ. ਐੱਮ. ਮੋਦੀ ਨੇ ਕਿਹਾ ਕਿ ਯੂ. ਪੀ. ਆਈ. ਅੱਜ ਭਾਰਤ ’ਚ ਲੋਕਾਂ ਦਾ ਸਭ ਤੋਂ ਪਸੰਦੀਦਾ ਪੇਮੈਂਟ ਸਿਸਟਮ ਬਣ ਗਿਆ ਹੈ। ਸਾਲ 2022 ’ਚ ਯੂ. ਪੀ. ਆਈ. ਦੇ ਜ਼ਰੀਏ 1,26,000 ਅਰਬ ਰੁਪਏ ਦਾ ਲੈਣ-ਦੇਣ ਹੋਇਆ ਹੈ। ਇੰਨੀ ਵੱਡੀ ਗਿਣਤੀ ’ਚ ਲੋਕਾਂ ਦਾ ਯੂ. ਪੀ. ਆਈ. ਦੇ ਮਾਧਿਅਮ ਨਾਲ ਲੈਣ-ਦੇਣ ਕਰਨਾ ਦਰਸਾਉਂਦਾ ਹੈ ਕਿ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਇਹ ਪੇਮੈਂਟ ਸਿਸਟਮ ਕਿੰਨਾ ਸੁਰੱਖਿਅਤ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਈ ਐਕਸਪਰਟ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ’ਚ ਡਿਜੀਟਲ ਵਾਲੇਟ ਤਰੀਕੇ ਨਾਲ ਹੋਣ ਵਾਲਾ ਟਰਾਂਜੈਕਸ਼ਨ ਨਕਦੀ ਨਾਲ ਹੋਣ ਵਾਲੇ ਲੈਣ-ਦੇਣ ਨੂੰ ਪਛਾੜ ਦੇਵੇਗਾ।
ਇਹ ਵੀ ਪੜ੍ਹੋ- ਫਰਵਰੀ 'ਚ ਮਾਰਚ ਵਰਗੀ ਗਰਮੀ ਨਾਲ ਸਰ੍ਹੋਂ ਜਲਦੀ ਪੱਕੀ, ਤੇਲ 3 ਫ਼ੀਸਦੀ ਤੱਕ ਘਟੇਗਾ
ਇਨ੍ਹਾਂ ਦੇਸ਼ਾਂ ’ਚ ਵੀ ਹੈ ਯੂ. ਪੀ. ਆਈ. ਦੀ ਧਾਕ
ਸਿੰਗਾਪੁਰ ਤੋਂ ਪਹਿਲਾਂ ਵੀ ਯੂ. ਪੀ. ਆਈ. ਭਾਰਤ ਤੋਂ ਬਾਹਰ ਕਈ ਹੋਰ ਦੇਸ਼ਾਂ ’ਚ ਆਪਣੀ ਧਾਕ ਜਮਾਂ ਚੁੱਕਾ ਹੈ। ਭਾਰਤ ਦੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਦੀ ਅੰਤਰਰਾਸ਼ਟਰੀ ਇਕਾਈ ਐੱਨ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.) ਨੇ ਇਸ ਦੇ ਲਈ ਭੁਟਾਨ ਦੀ ਰਾਇਲ ਮੋਨੇਟਰੀ ਅਥਾਰਿਟੀ (ਆਰ. ਐੱਮ. ਏ.) ਦੇ ਨਾਲ ਇਕ ਸਾਂਝੇਦਾਰੀ ਕੀਤੀ ਹੈ।
ਉੱਥੇ ਹੀ ਭਾਰਤ ਤੋਂ ਬਾਹਰ ਯੂ. ਪੀ. ਆਈ. ਪੇਮੈਂਟ ਸਰਵਿਸ ਅਪਣਾਉਣ ਵਾਲਾ ਪਹਿਲਾ ਦੇਸ਼ ਨੇਪਾਲ ਰਿਹਾ ਹੈ। ਨੇਪਾਲ ’ਚ ਮਨਮ ਇਨਫੋਟੈੱਕ ਐਂਡ ਗੇਟਵੇ ਪੇਮੈਂਟਸ ਸਰਵਿਸ ਨੇ ਯੂ. ਪੀ. ਆਈ. ਪੇਮੈਂਟ ਦੀ ਸ਼ੁਰੂਆਤ ਕੀਤੀ ਹੈ। ਉੱਥੇ ਹੀ ਮਲੇਸ਼ੀਆ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਵੀ ਯੂ. ਪੀ. ਆਈ. ਨੂੰ ਅਪਣਾਇਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।