ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 545 ਅਰਬ ਡਾਲਰ ਦੇ ਰਿਕਾਰਡ 'ਤੇ ਪੁੱਜਾ

10/10/2020 8:01:52 PM

ਮੁੰਬਈ– ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2 ਅਕਤੂਬਰ ਨੂੰ ਸਮਾਪਤ ਹਫਤੇ ’ਚ 3.618 ਅਰਬ ਡਾਲਰ ਵਧ ਕੇ 545.638 ਅਰਬ ਡਾਲਰ ਦੇ ਸਰਬੋਤਮ ਰਿਕਾਰਡ ਉਚਾਈ ਨੂੰ ਛੂਹ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਸਬੰਧ ’ਚ ਅੰਕੜੇ ਜਾਰੀ ਕੀਤੇ। ਇਸ ਤੋਂ ਪਹਿਲਾਂ 25 ਸਤੰਬਰ ਨੂੰ ਸਮਾਪਤ ਹਫਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 3.017 ਅਰਬ ਡਾਲਰ ਘੱਟ ਕੇ 542.021 ਅਰਬ ਡਾਲਰ ਰਹਿ ਗਿਆ ਸੀ।

ਸਮੀਖਿਆ ਅਧੀਨ ਮਿਆਦ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਤੇਜ਼ੀ ਦਾ ਪ੍ਰਮੁੱਖ ਕਾਰਨ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ. ਸੀ. ਏ.) ਦਾ ਵਧਣਾ ਹੈ। ਇਹ ਕੁਲ ਵਿਦੇਸ਼ੀ ਮੁਦਰਾ ਭੰਡਾਰ ਦਾ ਇਕ ਅਹਿਮ ਅੰਗ ਹੁੰਦਾ ਹੈ। ਇਸ ਦੌਰਾਨ ਐੱਫ. ਸੀ. ਏ. 3.104 ਅਰਬ ਡਾਲਰ ਵੱਧ ਕੇ 503.046 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਦੇ ਅੰਕੜੇ ਦਰਸਾਉਂਦੇ ਹਨ ਕਿ ਸਮੀਖਿਆ ਅਧੀਨ ਹਫਤੇ ’ਚ ਦੇਸ਼ ਦਾ ਕੁਲ ਸੋਨੇ ਦਾ ਭੰਡਾਰ 48.6 ਕਰੋੜ ਡਾਲਰ ਵਧ ਕੇ 36.486 ਅਰਬ ਡਾਲਰ ਹੋ ਗਿਆ। ਇਸ ਤੋਂ ਇਲਾਵਾ ਕੌਮਾਂਤਰੀ ਮੁਦਰਾ ਫੰਡ ਤੋਂ ਮਿਲਿਆ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 40 ਲੱਖ ਡਾਲਰ ਵਧ ਕੇ 1.476 ਅਰਬ ਡਾਲਰ ਹੋ ਗਿਆ। ਅੰਕੜਿਆਂ ਮੁਤਾਬਕ ਕੌਮਾਂਤਰੀ ਮੁਦਰਾ ਫੰਡ ਕੋਲ ਜਮ੍ਹਾ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ 2.3 ਕਰੋੜ ਡਾਲਰ ਵਧ ਕੇ 4.631 ਅਰਬ ਡਾਲਰ ਹੋ ਗਿਆ।

ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਸਤੰਬਰ 2020 ’ਚ ਇਕ ਮਹੀਨਾ ਪਹਿਲਾਂ ਦੇ ਮੁਕਾਬਲੇ 22 ਅਰਬ ਡਾਲਰ ਘਟ ਕੇ 3,142.60 ਅਰਬ ਡਾਲਰ ਰਹਿ ਗਿਆ। ਵਿਦੇਸ਼ਾਂ ’ਚ ਕੋਵਿਡ-19 ਦੇ ਪ੍ਰਸਾਰ ਸਮੇਤ ਇਸ ਦੇ ਕਈ ਕਾਰਣ ਦੱਸੇ ਗਏ ਹਨ।  ਚੀਨ ਦੇ ਵਿਦੇਸ਼ੀ ਰੈਗੁਲੇਟਰ ਅਥਾਰਟੀ ਨੇ ਇਕ ਬਿਆਨ ’ਚ ਕਿਹਾ ਕਿ ਅਮਰੀਕੀ ਡਾਲਰ ਸੂਚਕ ਅੰਕ ਅਤੇ ਰੈਗੁਲੇਟਰ ਦਰ ’ਚ ਵਾਧੇ ਕਾਰਣ ਵਿਦੇਸ਼ੀ ਮੁਦਰਾ ਭੰਡਾਰ ’ਚ ਮਹੀਨਾ-ਦਰ-ਮਹੀਨਾ ਆਧਾਰ ’ਤੇ 22 ਅਰਬ ਡਾਲਰ ਯਾਨੀ 0.7 ਫੀਸਦੀ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਜਾਇਦਾਦ ਮੁੱਲ ’ਚ ਕਮੀ, ਵਿਦੇਸ਼ੀ ਅਰਥਵਿਵਸਥਾਵਾਂ ’ਚ ਕੋਵਿਡ-19 ਦਾ ਪ੍ਰਸਾਰ ਅਤੇ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਲੋਂ ਅਪਣਾਈ ਗਈ ਮੁਦਰਾ ਅਤੇ ਵਿੱਤੀ ਨੀਤੀਆਂ ਸਮੇਤ ਕਈ ਕਾਰਣਾਂ ਨਾਲ ਵਿਦੇਸ਼ੀ ਮੁਦਰਾ ਭੰਡਾਰ ’ਚ ਇਹ ਗਿਰਾਵਟ ਆਈ ਹੈ। 

ਅਧਿਕਾਰਕ ਅੰਕੜਿਆਂ ਮੁਤਾਬਕ ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਅਗਸਤ 2020 ਦੇ ਅੰਤ ’ਚ 3,164.60 ਅਰਬ ਡਾਲਰ ਤੋਂ ਘਟ ਕੇ ਸਤੰਬਰ ਅਖੀਰ ’ਚ 3,142.60 ਅਰਬ ਡਾਲਰ ਰਹਿ ਗਿਆ। ਚੀਨ ਦਾ ਸੋਨੇ ਦਾ ਭੰਡਾਰ 6.26 ਕਰੋੜ ਔਂਸ ’ਤੇ ਅਗਸਤ ਦੇ ਪੱਧਰ ਦੇ ਬਰਾਬਰ ਹੀ ਰਿਹਾ।
 


Sanjeev

Content Editor

Related News