‘ਯੂਨੀਕਾਰਨ ਦੀ ਰੇਸ ’ਚ ਚੀਨ ਤੋਂ ਅੱਗੇ ਨਿਕਲਿਆ ਭਾਰਤ’

Sunday, Dec 05, 2021 - 10:23 AM (IST)

ਨਵੀਂ ਦਿੱਲੀ(ਇੰਟ.) – ਭਾਰਤ ਨੇ ਇਸ ਸਾਲ ਯੂਨੀਕਾਰਨ ਦੀ ਰੇਸ ’ਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਸਾਲ 2021 ’ਚ ਭਾਰਤ ’ਚ 33 ਯੂਨੀਕਾਰਨ ਬਣੀਆਂ ਜਦ ਕਿ ਚੀਨ ’ਚ ਯੂਨੀਕਾਰਨ ਦੀ ਗਿਣਤੀ ਸਿਰਫ 19 ਰਹੀ ਹੈ।

ਸਾਲ 2020 ’ਚ ਭਾਰਤ ’ਚ 17 ਯੂਨੀਕਾਰਨ ਬਣੇ ਸਨ ਜਦ ਕਿ ਚੀਨ ’ਚ ਇਨ੍ਹਾਂ ਦੀ ਗਿਣਤੀ 16 ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਡਿਜੀਟਲ ਅਤੇ ਟੈੱਕ ਕੰਪਨੀਆਂ ’ਤੇ ਚੀਨ ਸਰਕਾਰ ਦੀ ਵਧਦੀ ਸਖਤੀ ਕਾਰਨ ਅਜਿਹਾ ਦੇਖਣ ’ਚ ਆ ਰਿਹਾ ਹੈ। ਸਾਲ 2019 ’ਚ ਭਾਰਤ ’ਚ ਸਿਰਫ 8 ਯੂਨੀਕਾਰਨ ਬਣੇ ਸਨ ਜਦ ਕਿ ਚੀਨ ’ਚ ਇਨ੍ਹਾਂ ਦੀ ਗਿਣਤੀ 31 ਸੀ। ਇਸ ਤਰ੍ਹਾਂ ਜੇ ਗੱਲ ਸਾਲ 2018 ਦੀ ਕਰੀਏ ਤਾਂ ਭਾਰਤ ’ਚ ਸਿਰਫ 5 ਯੂਨੀਕਾਰਨ ਬਣੇ ਸਨ ਜਦ ਕਿ ਚੀਨ ’ਚ ਇਨ੍ਹਾਂ ਦੀ ਗਿਣਤੀ 33 ਸੀ।

ਵਿਕਸਿਤ ਦੇਸ਼ਾਂ ਨੂੰ ਛੱਡਿਆ ਪਿੱਛੇ

ਜੇ ਗੱਲ ਯੂਨੀਕਾਰਨ ਦੀ ਕਰੀਏ ਤਾਂ ਭਾਰਤ ਕਈ ਵਿਕਸਿਤ ਦੇਸ਼ਾਂ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਚੁੱਕਾ ਹੈ। ਚੀਨ, ਬ੍ਰਿਟੇਨ ਅਤੇ ਕੈਨੇਡਾ ਦੀ ਤੁਲਨਾ ’ਚ ਭਾਰਤ ’ਚ ਵਿੱਤੀ ਸਾਲ 2021 ਦੀ ਤੀਜੀ ਤਿਮਾਹੀ ’ਚ ਯੂਨੀਕਾਰਨ ਦੀ ਗਿਣਤੀ ਵਿਕਸਿਤ ਦੇਸ਼ਾਂ ਨੂੰ ਵੀ ਪਾਰ ਕਰ ਗਈ ਹੈ।

ਕੀ ਹੈ ਯੂਨੀਕਾਰਨ

ਯੂਨੀਕਾਰਨ ਦਾ ਮਤਲਬ ਅਜਿਹੇ ਸਟਾਰਟਅਪ ਤੋਂ ਹੈ, ਜਿਸ ਦਾ ਵੈਲਿਊਏਸ਼ਨ ਘੱਟ ਤੋਂ ਘੱਟ 1 ਅਰਬ ਡਾਲਰ ਹੋਵੇ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਭਾਰਤ ਨੇ 10 ਯੂਨੀਕਾਰਨ ਜੋੜੇ ਹਨ। ਇਸ ਮਿਆਦ ’ਚ ਚੀਨ ਅਤੇ ਹਾਂਗਕਾਂਗ ’ਚ 7, ਅਮਰੀਕਾ ਅਤੇ ਕੈਨੇਡਾ ’ਚ 4 ਯੂਨੀਕਾਰਨ ਜੁੜੇ ਹਨ। ਇਸ ਹਿਸਾਬ ਨਾਲ ਸੰਕੇਤ ਮਿਲਦੇ ਹਨ ਕਿ ਭਾਰਤ ’ਚ ਨਿਵੇਸ਼ ਸਰਗਰਮੀਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਸਤੰਬਰ ਤਿਮਾਹੀ ’ਚ ਕਿੰਨਾ ਫੰਡ

ਸਤੰਬਰ ਤਿਮਾਹੀ ’ਚ ਭਾਰਤੀ ਸਟਾਰਟਅਪਸ ਨੇ 347 ਡੀਲ ਰਾਹੀਂ ਕਰੀਬ 11 ਅਰਬ ਡਾਲਰ ਦਾ ਫੰਡ ਜੁਟਾਇਆ ਹੈ। ਕਿਸੇ ਵੀ ਤਿਮਾਹੀ ’ਚ ਭਾਰਤੀ ਸਟਾਰਟਅਪ ਵਲੋਂ ਪਹਿਲੀ ਵਾਰ 10 ਬਿਲੀਅਨ ਡਾਲਰ ਤੋਂ ਵੱਧ ਫੰਡ ਜੁਟਾਇਆ ਗਿਆ ਹੈ। ਇੰਡਸਟਰੀ ਰਿਪੋਰਟ ਮੁਤਾਬਕ ਸਾਲ 2021 ਦੀ ਪਹਿਲੀ 3 ਤਿਮਾਹੀ ’ਚ ਇੰਡੀਅਨ ਸਟਾਰਟਅਪਸ ਨੇ 24 ਬਿਲੀਅਨ ਡਾਲਰ ਤੋਂ ਵੱਧ ਦਾ ਫੰਡ ਇਕੱਠਾ ਕੀਤਾ ਹੈ।

ਅਮਰੀਕਾ ’ਚ ਸਭ ਤੋਂ ਵੱਧ ਯੂਨੀਕਾਰਨ

ਜੇ ਗੱਲ ਅਮਰੀਕਾ ਦੀ ਕਰੀਏ ਤਾਂ ਉਸ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਭਾਰਤ ਤੋਂ ਜ਼ਿਆਦਾ 68 ਯੂਨੀਕਾਰਨ ਬਣਾਏ ਹਨ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਭਾਰਤ ਦੇ ਸਟਾਰਟਅਪ ’ਚ ਕਰੀਬ 11 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ ਅਤੇ ਇਸ ਨਾਲ ਸਬੰਧਤ 347 ਡੀਲ ਹੋਈ ਹੈ। ਕਿਸੇ ਇਕ ਤਿਮਾਹੀ ’ਚ ਭਾਰਤ ’ਚ ਸਟਾਰਟਅਪ ’ਚ 10 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਪਹਿਲੀ ਵਾਰ ਆਇਆ ਹੈ।


Harinder Kaur

Content Editor

Related News