ਧਮਾਕੇਦਾਰ ਆਰਥਿਕ ਵਾਧੇ ਦੇ ਰਸਤੇ ''ਤੇ ਖੜ੍ਹਾ ਹੈ ਭਾਰਤ : ਅਡਾਨੀ
Sunday, Feb 04, 2018 - 09:37 AM (IST)
ਨਵੀਂ ਦਿੱਲੀ, (ਭਾਸ਼ਾ)— ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਭਾਰਤ ਸ਼ਾਨਦਾਰ ਆਰਥਿਕ ਵਾਧੇ ਦੇ ਰਸਤੇ 'ਤੇ ਖੜ੍ਹਾ ਹੈ ਅਤੇ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.), ਆਧਾਰ ਅਤੇ ਜਨ-ਧਨ ਵਰਗੀਆਂ ਯੋਜਨਾਵਾਂ ਨਾਲ ਦੇਸ਼ 'ਚ ਦਹਾਕਿਆਂ ਤੱਕ ਮਜ਼ਬੂਤ ਆਰਥਿਕ ਵਾਧੇ ਦਾ ਆਧਾਰ ਤਿਆਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ 7 ਫ਼ੀਸਦੀ ਤੋਂ ਜ਼ਿਆਦਾ ਵਾਧਾ ਦਰ ਰਹਿਣ 'ਤੇ ਦੇਸ਼ 2030 ਤੱਕ ਵਿਸ਼ਵ ਦੀ ਤੀਜੀ ਅਤੇ 2050 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਅਡਾਨੀ ਨੇ ਕਿਹਾ, ''ਪਿਛਲੇ ਕੁਝ ਸਾਲਾਂ 'ਚ ਨਰਿੰਦਰ ਮੋਦੀ ਸਰਕਾਰ ਨੇ ਸਥਿਤੀ ਨੂੰ ਬਦਲਣ ਵਾਲੀਆਂ ਨੀਤੀਆਂ ਪੇਸ਼ ਕੀਤੀਆਂ ਹਨ ਜੋ ਦੇਸ਼ ਭਰ 'ਚ ਬੁਨਿਆਦੀ ਬਦਲਾਅ ਲਿਆਉਣਗੇ। ਜੀ. ਐੱਸ. ਟੀ. ਅੰਦਰੂਨੀ ਬਾਜ਼ਾਰ ਨੂੰ ਏਕੀਕ੍ਰਿਤ ਕਰੇਗਾ ਅਤੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧਾ 'ਚ ਮੁੱਖ ਸਰੋਤ ਦਾ ਕੰਮ ਕਰੇਗਾ।'' ਉਨ੍ਹਾਂ ਕਿਹਾ ਕਿ 1.3 ਅਰਬ ਲੋਕਾਂ ਨੂੰ ਇਕ ਬਰਾਬਰ ਪਛਾਣ ਮੰਚ 'ਤੇ ਲਿਆਉਣ ਵਾਲੀ ਆਧਾਰ ਕਾਰਡ ਦੀ ਜ਼ਿਕਰਯੋਗ ਪਹਿਲ ਹੈ ਜੋ ਟੈਕਸ ਕੁਲੈਕਸ਼ਨ ਅਤੇ ਸਿੱਧਾ ਲਾਭ ਤਬਾਦਲਾ ਦੋਵਾਂ ਲਈ ਬਦਲਾਅ ਲਿਆਉਣ ਵਾਲਾ ਹੈ। ਇਹ ਸਰਕਾਰ ਦੇ ਛੋਟ ਪ੍ਰਬੰਧਨ ਦੇ ਤਰੀਕੇ ਨੂੰ ਬਦਲ ਦੇਵੇਗਾ।
ਆਸਟ੍ਰੇਲੀਆਈ ਕੋਲਾ ਖਾਨ ਪ੍ਰਾਜੈਕਟ ਦਾ ਵਿਰੋਧ ਐੱਨ. ਜੀ. ਓ. ਵੱਲੋਂ ਸਪਾਂਸਰਡ
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ 'ਚ ਉਨ੍ਹਾਂ ਦੀ ਕੰਪਨੀ ਦੇ ਕੋਲਾ ਖੋਦਾਈ ਪ੍ਰਾਜੈਕਟ ਦਾ ਲਗਾਤਾਰ ਵਿਰੋਧ ਕੁਝ ਗੈਰ-ਸਰਕਾਰੀ ਸਵੈ-ਸੇਵੀ ਸੰਗਠਨਾਂ (ਐੱਨ. ਜੀ. ਓ.) ਅਤੇ ਮੁਕਾਬਲੇਬਾਜ਼ ਕੰਪਨੀਆਂ ਵੱਲੋਂ ਸਪਾਂਸਰਡ ਹੈ। ਉਨ੍ਹਾਂ ਆਪਣੇ 'ਤੇ ਹੋ ਰਹੇ ਨਿੱਜੀ ਹਮਲਿਆਂ ਨੂੰ ਨੀਤੀ-ਵਿਰੁੱਧ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਆਸਟ੍ਰੇਲੀਆ 'ਚ ਕੋਲੇ ਦੀ ਖੋਦਾਈ ਅਤੇ ਉਸ ਦੀ ਢੁਆਈ ਲਈ 15 ਅਰਬ ਡਾਲਰ ਦਾ ਨਿਵੇਸ਼ ਕੀਤਾ ਤਾਂ ਕਿ ਭਾਰਤ 'ਚ ਘੱਟ ਗੁਣਵੱਤਾ ਵਾਲੇ ਕੋਲੇ ਨੂੰ ਵਰਤੋਂ ਤੋਂ ਹਟਾਇਆ ਜਾ ਸਕੇ।
