ਭਾਰਤ ਨੇ ਦਿੱਤਾ ਚੀਨ ਨੂੰ ਝਟਕਾ, ਸਟੀਲ ਦੀ ਇੰਪੋਰਟ ''ਤੇ ਐਂਟੀ-ਡੰਪਿੰਗ ਜਾਂਚ ਸ਼ੁਰੂ
Tuesday, Sep 26, 2017 - 01:33 AM (IST)
ਨਵੀਂ ਦਿੱਲੀ- ਭਾਰਤ ਸਰਕਾਰ ਨੇ ਚੀਨ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ 6 ਘਰੇਲੂ ਕੰਪਨੀਆਂ ਦੀ ਸ਼ਿਕਾਇਤ 'ਤੇ ਚੀਨ ਤੋਂ ਹੋਣ ਵਾਲੇ ਅਲਾਏ ਸਟੀਲ ਦੇ ਸਟ੍ਰੇਟ ਲੈਂਥ ਬਾਰਸ ਅਤੇ ਰਾਡਸ ਦੀ ਇੰਪੋਰਟ 'ਤੇ ਐਂਟੀ-ਡੰਪਿੰਗ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਸਰਕਾਰ ਐਂਟੀ-ਡੰਪਿੰਗ ਡਿਊਟੀ ਲਾ ਕੇ ਚੀਨੀ ਇੰਪੋਰਟ ਨਾਲ ਘਰੇਲੂ ਕੰਪਨੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੀ ਹੈ।
ਇਨ੍ਹਾਂ 6 ਕੰਪਨੀਆਂ ਨੇ ਕੀਤੀ ਸੀ ਸ਼ਿਕਾਇਤ: ਜ਼ਿਕਰਯੋਗ ਹੈ ਕਿ ਜੇ. ਐੱਸ. ਡਬਲਿਊ. ਸਟੀਲ, ਸਨਫਲੈਗ ਆਇਰਨ ਐਂਡ ਸਟੀਲ, ਊਸ਼ਾ ਮਾਰਟਿਨ ਅਤੇ ਸਟੀਲ ਇੰਡੀਆ ਸਹਿਤ 6 ਘਰੇਲੂ ਕੰਪਨੀਆਂ ਨੇ ਡਾਇਰੈਕਟੋਰੇਟ ਜਨਰਲ ਆਫ ਐਂਟੀ-ਡੰਪਿੰਗ ਐਂਡ ਅਲਾਇਡ ਡਿਊਟੀਜ਼ (ਡੀ. ਜੀ. ਏ. ਡੀ.) ਨੂੰ ਅਰਜ਼ੀ ਦੇ ਕੇ ਚੀਨ ਤੋਂ ਐਕਸਪੋਰਟ ਹੋਣ ਵਾਲੀਆਂ ਇਨ੍ਹਾਂ ਸਟੀਲ ਆਈਟਮਸ 'ਤੇ ਐਂਟੀ-ਡੰਪਿੰਗ ਜਾਂਚ ਸ਼ੁਰੂ ਕਰਨ ਅਤੇ ਡਿਊਟੀ ਲਾਉਣ ਦੀ ਮੰਗ ਕੀਤੀ ਸੀ।
ਪਹਿਲੀ ਨਜ਼ਰੇ ਮਿਲੇ ਲੋੜੀਂਦੇ ਸਬੂਤ : ਵਣਜ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੇ ਡੀ. ਜੀ. ਏ. ਡੀ. ਨੇ ਕਿਹਾ ਕਿ ਪਹਿਲੀ ਨਜ਼ਰੇ ਚੀਨ ਤੋਂ ਇਨ੍ਹਾਂ ਪ੍ਰੋਡਕਟਸ ਦੀ ਡੰਪਿੰਗ ਦੇ ਲੋੜੀਂਦੇ ਸਬੂਤ ਮਿਲੇ ਹਨ। ਡੀ. ਜੀ. ਏ. ਡੀ. ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਇਸ ਲੜੀ 'ਚ ਅਥਾਰਿਟੀ ਨੇ ਕਥਿਤ ਡੰਪਿੰਗ ਅਤੇ ਇਸ ਦੇ ਕਾਰਨ ਘਰੇਲੂ ਇੰਡਸਟਰੀ ਨੂੰ ਹੋਏ ਨੁਕਸਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
