ਰੱਖਿਆ ਤੇ ਵਪਾਰਕ ਸਬੰਧਾਂ ਨੂੰ ਵਧਾਉਣਗੇ ਭਾਰਤ-ਇੰਡੋਨੇਸ਼ੀਆ

Sunday, Jan 26, 2025 - 01:20 AM (IST)

ਰੱਖਿਆ ਤੇ ਵਪਾਰਕ ਸਬੰਧਾਂ ਨੂੰ ਵਧਾਉਣਗੇ ਭਾਰਤ-ਇੰਡੋਨੇਸ਼ੀਆ

ਨਵੀਂ ਦਿੱਲੀ (ਭਾਸ਼ਾ) - ਭਾਰਤ ਤੇ ਇੰਡੋਨੇਸ਼ੀਆ ਨੇ ਰੱਖਿਆ ਤੇ ਵਪਾਰਕ ਸਬੰਧਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਯਾਂਤੋ ਨਾਲ ਵਿਆਪਕ ਗੱਲਬਾਤ ਕੀਤੀ।

ਗੱਲਬਾਤ ਦੌਰਾਨ ਦੋਵੇਂ ਦੇਸ਼ ਸਮੁੱਚੇ ਦੁਵੱਲੇ ਸਬੰਧਾਂ ਨੂੰ ਨਵੀਂ ਰਫਤਾਰ ਦੇਣ ਲਈ ਸਹਿਮਤ ਹੋਏ। ਰੱਖਿਆ ਨਿਰਮਾਣ ਤੇ ਸਪਲਾਈ ਲੜੀ ਦੇ ਖੇਤਰਾਂ ’ਚ ਉਹ ਸਾਂਝੇ ਤੌਰ ’ਤੇ ਕੰਮ ਕਰਨਗੇ। ਸੁਬਿਯਾਂਤੋ ਜੋ ਭਾਰਤ ਦੇ ਤਿੰਨ ਦਿਨਾ ਦੌਰੇ ’ਤੇ ਆਏ ਹੋਏ ਹਨ, ਐਤਵਾਰ ‘ਕਰਤੱਵਿਆ ਪਥ’ ’ਤੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ।

ਗੱਲਬਾਤ ਤੋਂ ਬਾਅਦ ਮੀਡੀਆ ਨੂੰ ਦਿੱਤੇ ਆਪਣੇ ਬਿਆਨ ’ਚ ਮੋਦੀ ਨੇ ਇੰਡੋਨੇਸ਼ੀਆ ਨੂੰ 10 ਦੇਸ਼ਾਂ ਵਾਲੇ ਆਸੀਆਨ ਗਰੁੱਪ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਭਾਰਤ ਦਾ ਇਕ ਅਹਿਮ ਭਾਈਵਾਲ ਦੱਸਿਆ ਤੇ ਕਿਹਾ ਕਿ ਦੋਵੇਂ ਦੇਸ਼ ਇਕ ਨਿਯਮ ਆਧਾਰਿਤ ਵਿਵਸਥਾ ਲਈ ਵਚਨਬੱਧ ਹਨ।

ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੇ ਫੌਜੀ ਦਖਲ ਨੂੰ ਲੈ ਕੇ ਵਧਦੀ ਵਿਸ਼ਵ ਪੱਧਰੀ ਚਿੰਤਾ ਦਰਮਿਆਨ ਮੋਦੀ ਨੇ ਕਿਹਾ ਕਿ ਅਸੀਂ ਇਸ ਗੱਲ ’ਤੇ ਸਹਿਮਤ ਹੋਏ ਹਾਂ ਕਿ ਕੌਮਾਂਤਰੀ ਕਾਨੂੰਨ ਅਨੁਸਾਰ ਨੇਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪੱਖਾਂ ’ਤੇ ਵਿਆਪਕ ਚਰਚਾ ਕੀਤੀ। ਸਮੁੰਦਰੀ ਸੁਰੱਖਿਆ ਦੇ ਖੇਤਰ ’ਚ ਭਾਰਤ ਤੇ ਇੰਡੋਨੇਸ਼ੀਆ ਵਿਚਾਲੇ ਸਮਝੌਤਾ ਅਪਰਾਧਾਂ ਦੀ ਰੋਕਥਾਮ, ਖੋਜ, ਬਚਾਅ ਤੇ ਸਮਰੱਥਾ ਨਿਰਮਾਣ ’ਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰੇਗਾ। ਮੋਦੀ ਨੇ ਇਹ ਵੀ ਕਿਹਾ ਕਿ ਦੋਵਾਂ ਧਿਰਾਂ ਨੇ ਸਮੁੰਦਰੀ ਸੁਰੱਖਿਆ, ਸਾਈਬਰ ਸੁਰੱਖਿਆ, ਅੱਤਵਾਦ ਵਿਰੋਧੀ ਖੇਤਰਾਂ ’ਚ ਸਹਿਯੋਗ ’ਤੇ ਜ਼ੋਰ ਦਿੱਤਾ।


author

Inder Prajapati

Content Editor

Related News