ਚੀਨ ਨੂੰ ਪਛਾੜ ਕੇ ਭਾਰਤ ਦੇ ਕੋਲ ਸੈਮੀਕੰਡਕਟਰ ਨਿਰਮਾਣ ਦਾ ਸੁਨਹਿਰਾ ਮੌਕਾ

04/07/2022 4:26:12 PM

ਰੂਸ-ਯੂਕ੍ਰੇਨ ਜੰਗ ਦੌਰਾਨ ਅਮਰੀਕਾ ਨੇ ਸਿੱਧੇ ਤੌਰ ’ਤੇ ਚੀਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਚੀਨ ਨੇ ਰੂਸ ਦੀ ਮਦਦ ਕੀਤੀ ਤਾਂ ਅਮਰੀਕਾ ਚੀਨ ਦੇ ਸੈਮੀਕੰਡਕਟਰ ਉਦਯੋਗ ਨੂੰ ਬੰਦ ਕਰ ਦੇਵੇਗਾ। ਦਰਅਸਲ ਰੂਸ ਦੇ ਯੂਕ੍ਰੇਨ ’ਤੇ ਹਮਲੇ ਦੇ ਬਾਅਦ ਤੋਂ ਹੀ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਰੂਸ ਤੋਂ ਨਿਕਲ ਕੇ ਭੱਜ ਗਈਆਂ ਹਨ, ਜਿਨ੍ਹਾਂ ’ਚ ਐਪਲ, ਸੈਮਸੰਗ, ਕੋਕ, ਪੈਪਸੀ, ਗੁਚੀ, ਸ਼ੇਨੇਲ, ਫੈਂਡੀ, ਡਾਊਰ, ਪ੍ਰਾਡਾ ਸਮੇਤ ਢੇਰਾਂ ਬ੍ਰਾਂਡ ਸ਼ਾਮਲ ਹਨ। ਇੰਨੀਆਂ ਸਾਰੀ ਪਾਬੰਦੀਆਂ ਦੇ ਬਾਅਦ ਰੂਸ ਪੂਰੀ ਤਰ੍ਹਾਂ ਚੀਨ ’ਤੇ ਨਿਰਭਰ ਹੋ ਗਿਆ ਹੈ। ਰੂਸੀ ਲੋਕ ਅਮਰੀਕਾ ਦੀ ਇਸ ਹਰਕਤ ਤੋਂ ਖੁਸ਼ ਨਹੀਂ ਹਨ, ਉਧਰ ਚੀਨ ਦੇ ਨਜ਼ਰੀਏ ਤੋਂ ਇਸ ਸਮੱਸਿਆ ਨੂੰ ਦੇਖੀਏ ਤਾਂ ਇਹ ਚੀਨ ਦੀ ਰਣਨੀਤਕ ਜਿੱਤ ਹੈ ਕਿਉਂਕਿ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ, ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਚੀਨ ’ਤੇ ਨਿਰਭਰ ਹੈ। ਹਾਲ ਹੀ ’ਚ ਰੂਸ ਲਈ ਚੀਨ ਵੱਲੋਂ ਇਕ ਅਧਿਕਾਰਤ ਬਿਆਨ ਵੀ ਆਇਆ ਸੀ ਜਿਸ ’ਚ ਚੀਨ ਨੇ ਕਿਹਾ ਸੀ ਕਿ ਰੂਸ ਉਨ੍ਹਾਂ ਦਾ ਰਣਨੀਤਕ ਸਾਥੀ ਹੈ। ਅਮਰੀਕੀ ਧਮਕੀ ਦੇ ਬਾਅਦ ਚੀਨ ਦੇ ਵੀ ਵਿਦੇਸ਼ ਵਿਭਾਗ ਦੇ ਬੁਲਾਰੇ ਤਸਾਓ ਲਿਚਿਆਨ ਨੇ ਕਿਹਾ ਕਿ ਚੀਨ ਆਪਣੀਆਂ ਕੰਪਨੀਆਂ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁਕੇਗਾ। ਚੀਨੀ ਵਿਦੇਸ਼ ਬੁਲਾਰੇ ਦੇ ਇਸ ਬਿਆਨ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਚੀਨ ਦਾ ਅਮਰੀਕੀ ਧਮਕੀ ਨਾਲ ਕੀ ਹਾਲ ਹੋਇਆ ਹੈ।

ਅਮਰੀਕੀ ਪਾਬੰਦੀਆਂ ’ਚ ਇਹ ਗੱਲ ਸਾਫ ਹੈ ਕਿ ਕੋਈ ਵੀ ਦੇਸ਼ ਰੂਸ ਦੀ ਮਦਦ ਨਾ ਕਰੇ। ਅਮਰੀਕਾ ਨੇ ਦੁਨੀਆ ਦੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਜੋ ਸੈਮੀਕੰਡਕਟਰ ਚਿਪ ਬਣਾਉਂਦੇ ਹਨ ਕਿ ਉਹ ਸਾਰੇ ਦੇਸ਼ ਰੂਸ ਦੀ ਮਦਦ ਨਾ ਕਰਨ ਪਰ ਚੀਨ ਅੱਜ ਵੀ ਇਨ੍ਹਾਂ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਰੂਸ ਨੂੰ ਸੈਮੀਕੰਡਕਟਰਜ਼ ਸਪਲਾਈ ਕਰ ਰਿਹਾ ਹੈ ਜਿਸ ਦੀ ਰੂਸ ਕਮਰਸ਼ੀਅਲ ਅਤੇ ਮਿਲਟਰੀ ਖੇਤਰ ’ਚ ਵਰਤੋਂ ਕਰ ਰਿਹਾ ਹੈ।

ਸੈਮੀਕੰਡਕਟਰਜ਼ ਦੀ ਵਰਤੋਂ ਇਲੈਕਟ੍ਰਾਨਿਕ ਘੜੀਆਂ, ਮੋਬਾਇਲ ਫੋਨ, ਕੰਪਿਊਟਰ, ਰੇਡੀਓ, ਗੱਡੀਆਂ, ਜਹਾਜ਼, ਕੈਮਰੇ ’ਚ ਹੁੰਦੀ ਹੈ। ਸੈਮੀਕੰਡਕਟਰ ਕਿਸੇ ਵੀ ਇਲੈਕਟ੍ਰਾਨਿਕ ਵਸਤੂ ਦਾ ਦਿਮਾਗ ਹੁੰਦਾ ਹੈ। ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਅਮਰੀਕਾ ਨੇ ਚੀਨ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਰੂਸ ਨੂੰ ਸੈਮੀਕੰਡਕਟਰ ਦੇਣਾ ਬੰਦ ਨਹੀਂ ਕੀਤਾ ਤਾਂ ਅਮਰੀਕਾ ਚੀਨ ਦੇ ਸੈਮੀਕੰਡਕਟਰ ਖੇਤਰ ਨੂੰ ਖਤਮ ਕਰ ਦੇਵੇਗਾ। ਚੀਨ ਦੀ ਸੈਮੀਕੰਡਕਟਰ ਕੰਪਨੀ ਐੱਸ.ਐੱਮ. ਆਈ.ਸੀ. ਦੁਨੀਆ ਭਰ ਦੇ ਸੈਮੀਕੰਡਕਟਰਜ਼ ਦਾ 5 ਤੋਂ 7 ਫੀਸਦੀ ਬਣਾਉਂਦੀ ਹੈ। ਚੀਨ ਇਸ ਸਮੇਂ ਸੈਮੀਕੰਡਕਟਰ ਦੀ ਦਰਾਮਦ ’ਤੇ ਜਿਸ ’ਚ ਤਾਈਵਾਨ ਤੋਂ ਚੀਨ ਨੂੰ ਹੋਣ ਵਾਲੀ ਸੈਮੀਕੰਡਕਟਰਜ਼ ਦੀ ਦਰਾਮਦ ਵੀ ਸ਼ਾਮਲ ਹੈ, ਕੱਚੇ ਤੇਲ ਦੀ ਦਰਾਮਦ ਤੋਂ ਵੀ ਵੱਧ ਪੈਸਾ ਖਰਚ ਕਰਦਾ ਹੈ, ਇਸ ਨਾਲ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੈਮੀਕੰਡਕਟਰ ਦੀ ਚੀਨ ’ਚ ਕਿੰਨੀ ਮੰਗ ਹੈ ਅਤੇ ਚੀਨ ਦੇ ਉਦਯੋਗ ਸੈਮੀਕੰਡਕਟਰ ਦੀ ਦਰਾਮਦ ’ਤੇ ਕਿੰਨਾ ਨਿਰਭਰ ਹੈ।

ਦੁਨੀਆ ਭਰ ’ਚ ਸੈਮੀਕੰਡਕਟਰਜ਼ ਦੇ ਖਰੀਦਾਰਾਂ ’ਚ ਸਭ ਤੋਂ ਵੱਡਾ ਨਾਂ ਐਪਲ ਦਾ ਆਉਂਦਾ ਹੈ ਜੋ ਮੋਬਾਇਲ ਫੋਨ, ਲੈਪਟਾਪ, ਟੈਬਲੇਟਸ, ਇਲੈਕਟ੍ਰਾਨਿਕ ਘੜੀਆਂ ਬਣਾਉਂਦਾ ਹੈ, ਇਸ ਦੇ ਬਾਅਦ ਚੀਨੀ ਕੰਪਨੀ ਲੇਨੋਵੋ ਜੋ ਇਕਲੌਤੀ ਚੀਨੀ ਕੰਪਨੀ ਹੈ, ਇਸ ਦੇ ਬਾਅਦ ਬੀ ਬੀ ਕੇ ਇਲੈਕਟ੍ਰਾਨਿਕ ਡੈੱਲ ਟੈਕਨਾਲੋਜੀ, ਸੈਮਸੰਗ ਵਰਗੀ ਕੰਪਨੀਆਂ ਆਉਂਦੀਆਂ ਹਨ। ਭਾਵ ਖਰੀਦਦਾਰਾਂ ’ਚ ਅਮਰੀਕਾ ਦਾ ਦਬਦਬਾ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਹੈ। ਦੂਸਰੇ ਦੇਸ਼ਾਂ ਦੀਆਂ ਕੰਪਨੀਆਂ ਵੀ ਇਲੈਕਟ੍ਰਾਨਿਕਸ ’ਚ ਅਮਰੀਕਾ ਦੀਆਂ ਨੀਤੀਆਂ ਅਨੁਸਾਰ ਹੀ ਚਲਦੀਆਂ ਹਨ। ਅਜਿਹੇ ’ਚ ਜੇਕਰ ਅਮਰੀਕਾ ਨੇ ਤੈਅ ਕਰ ਲਿਆ ਕਿ ਚੀਨ ’ਚ ਬਣੇ ਸੈਮੀਕੰਡਕਟਰਜ਼ ਦੀ ਵਰਤੋਂ ਨਹੀਂ ਕਰਨੀ ਹੈ ਅਤੇ ਅਮਰੀਕਾ ਨੇ ਇਹ ਨੀਤੀਆਂ ਦੱਖਣੀ ਕੋਰੀਆ, ਪੱਛਮੀ ਯੂਰਪ ਅਤੇ ਦੂਸਰੇ ਉੱਨਤ ਦੇਸ਼ਾਂ ਤੋਂ ਮਨਵਾ ਲਈਆਂ ਤਾਂ ਕੋਈ ਵੀ ਦੇਸ਼ ਚੀਨ ’ਚ ਬਣੇ ਸੈਮੀਕੰਡਕਟਰਜ਼ ਨਹੀਂ ਖਰੀਦੇਗਾ, ਪਹਿਲਾਂ ਹੀ ਦੱਖਣੀ ਕੋਰੀਆ, ਜਾਪਾਨ ਅਤੇ ਦੂਸਰੇ ਦੇਸ਼ਾਂ ਨੇ ਚੀਨ ’ਚ ਆਪਣਾ ਸੈਮੀਕੰਡਕਟਰ ਬਣਾਉਣ ਦਾ ਕੰਮ ਸਮੇਟ ਲਿਆ ਹੈ, ਅਜਿਹੇ ’ਚ ਚੀਨ ਦੇ ਸੈਮੀਕੰਡਕਟਰ ਉਦਯੋਗ ਨੂੰ ਤਗੜਾ ਝਟਕਾ ਲੱਗ ਸਕਦਾ ਹੈ। ਘੱਟ ਮਾਤਰਾ ’ਚ ਚੀਨ ਆਪਣੇ ਦੇਸ਼ ’ਚ ਸੈਮੀਕੰਡਕਟਰ ਬਣਾਉਂਦਾ ਹੈ, ਉਸ ’ਤੇ ਵੀ ਜੇਕਰ ਅਮਰੀਕਾ ਨੇ ਲਗਾਮ ਲਾ ਦਿੱਤੀ ਤਾਂ ਚੀਨ ਸੈਮੀਕੰਡਕਟਰਜ਼ ਲਈ ਪੂਰੀ ਤਰ੍ਹਾਂ ਤਾਈਵਾਨ ’ਤੇ ਨਿਰਭਰ ਹੋ ਜਾਵੇਗਾ।

ਓਧਰ ਅਮਰੀਕਾ ਚਾਹੁੰਦਾ ਹੈ ਕਿ ਜਿੰਨੇ ਸੈਮੀਕੰਡਕਟਰਜ਼ ਚੀਨ ਬਣਾ ਰਿਹਾ ਹੈ ਉਹ ਹਿੱਸਾ ਭਾਰਤ ਦੇ ਕੋਲ ਆ ਜਾਵੇ, ਭਾਵ ਦੁਨੀਆ ਦੇ 5 ਤੋਂ 7 ਫੀਸਦੀ ਸੈਮੀਕੰਡਕਟਰਜ਼ ਜੋ ਹੁਣ ਚੀਨ ਬਣਾ ਰਿਹਾ ਹੈ ਉਹ ਭਾਰਤ ਬਣਾਉਣ ਲੱਗੇ, ਹੌਲੀ ਹੌਲੀ ਭਾਰਤ ਤਾਈਵਾਨ ਦੇ ਪੱਧਰ ’ਤੇ ਪਹੁੰਚੇ ਪਰ ਇਸ ਕੰਮ ’ਚ ਹੁਣ ਸਮਾਂ ਲੱਗੇਗਾ। 5 ਤੋਂ 7 ਫੀਸਦੀ ਸੈਮੀਕੰਡਕਟਰ ਬਣਾਉਣ ਦਾ ਕੰਮ ਭਾਰਤ ਦੇ ਕੋਲ ਆ ਜਾਵੇ ਤਾਂ ਇਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਵੱਡੀ ਮਜ਼ਬੂਤੀ ਮਿਲੇਗੀ। ਇਸ ਦੇ ਇਲਾਵਾ ਤਾਈਵਾਨ ਦੀ ਫਾਕਸਕਾਨ ਸੈਮੀਕੰਡਕਟਰ ਨਿਰਮਾਤਾ ਕੰਪਨੀ ਭਾਰਤ ਦੀ ਵੇਦਾਂਤਾ ਕੰਪਨੀ ਨਾਲ ਰਲ ਕੇ ਭਾਰਤ ’ਚ ਸੈਮੀਕੰਡਕਟਰ ਦਾ ਨਿਰਮਾਣ ਕਰੇਗੀ। ਇਸ ਨਾਲ ਭਾਰਤ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ। ਉੱਥੇ ਹੀ ਕਵਾਡ ਦੇਸ਼ਾਂ ਦੇ ਸਮੂਹ ’ਚ ਇਸ ਗੱਲ ’ਤੇ ਚਰਚਾ ਹੋ ਚੁੱਕੀ ਹੈ ਕਿ ਭਾਰਤ ’ਚ ਸੈਮੀਕੰਡਕਟਰਜ਼ ਬਣਾਉਣ ਦੇ ਖੇਤਰ ’ਚ ਕਿਹੜਾ ਦੇਸ਼ ਤਕਨੀਕੀ ਪੱਧਰ ’ਤੇ ਭਾਰਤ ਦੀ ਮਦਦ ਕਰੇਗਾ ਜਿਸ ਦੇ ਬਾਅਦ ਹੁਣ ਜਾਪਾਨ ਅਤੇ ਆਸਟ੍ਰੇਲੀਆ ਸੈਮੀਕੰਡਕਟਰ ਬਣਾਉਣ ’ਚ ਭਾਰਤ ਦੀ ਮਦਦ ਲਈ ਤਿਆਰ ਹੋ ਗਏ ਹਨ ਜਿਸ ਨਾਲ ਭਾਰਤ ਨੂੰ ਘੱਟ ਸਮੇਂ ’ਚ ਸੈਮੀਕੰਡਕਟਰਜ਼ ਨਿਰਮਾਣ ਦੇ ਖੇਤਰ ’ਚ ਇਕ ਥਾਂ ਮਿਲ ਸਕੇ। ਹਾਲਾਂਕਿ ਕਵਾਡ ਦੇਸ਼ ਸਾਲ 2021 ਤੋਂ ਹੀ ਸੈਮੀਕੰਡਕਟਰ ਅਤੇ 5 ਜੀ ਤਕਨੀਕ ਦੀ ਸਪਲਾਈ ਲੜੀ ਨੂੰ ਮਜ਼ਬੂਤ ਬਣਾਉਣ ਲਈ ਗੱਲਬਾਤ ਕਰ ਰਹੇ ਹਨ ਜਿਸ ਦੇ ਬਾਅਦ ਭਾਰਤ 76 ਹਜ਼ਾਰ ਕਰੋੜ ਰੁਪਏ ਦੀ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਦੀ ਸ਼ੁਰੂਆਤ ਕਰ ਚੁੱਕਾ ਹੈ।

ਓਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਯੋਜਨਾ ਸੀ ਕਿ ਸਾਲ 2025 ਤੱਕ ਚੀਨ ਦੁਨੀਆ ਭਰ ਦਾ 70 ਸੈਮੀਕੰਡਕਟਰ ਬਣਾਉਣ ਲੱਗੇ ਪਰ ਸਾਲ 2022 ਤੱਕ ਚੀਨ ਇਸ ਟੀਚੇ ਦੇ ਨੇੜੇ-ਤੇੜੇ ਨਹੀਂ ਪਹੁੰਚਿਆ ਹੈ, ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਕੰਪਨੀ ਐੱਸ.ਐੱਮ.ਆਈ.ਸੀ. ਨੂੰ ਬਲੈਕਲਿਸਟ ’ਚ ਪਾ ਦਿੱਤਾ ਸੀ ਜਿਸ ਨਾਲ ਚੀਨ ਦੀ ਬਰਾਮਦ 2019-20 ’ਚ ਬਹੁਤ ਹੱਦ ਤੱਕ ਡਿੱਗ ਗਈ ਕਿਉਂਕਿ ਚੀਨ ’ਤੇ ਦੂਸਰੇ ਦੇਸ਼ਾਂ ਦੀ ਤਕਨੀਕ, ਯੰਤਰ ਅਤੇ ਸਾਫਟਵੇਅਰ ਦੇ ਚੋਰੀ ਕਰਨ ਦਾ ਦੋਸ਼ ਲੱਗ ਰਿਹਾ ਸੀ।

ਚੀਨ ਨੂੰ ਕਾਲੀ ਸੂਚੀ ’ਚ ਪਾਉਣ ਦੇ ਬਾਅਦ ਚੀਨ ਤੋਂ ਬਰਾਮਦ ਬੰਦ ਹੋ ਗਈ ਹੈ, ਹੁਣ ਚੀਨ ਦੇ ਕੋਲ ਸਿਰਫ ਰੂਸ ਦਾ ਬਾਜ਼ਾਰ ਖੁੱਲ੍ਹਾ ਹੈ। ਜੇਕਰ ਚੀਨ ਰੂਸ ਨੂੰ ਸੈਮੀਕੰਡਕਟਰ ਸਪਲਾਈ ਕਰਨ ਦਾ ਕੰਮ ਜਾਰੀ ਰੱਖਦਾ ਹੈ ਤਾਂ ਉਸ ’ਤੇ ਅਮਰੀਕਾ ਪਾਬੰਦੀਆਂ ਲਗਾਏਗਾ, ਅਜਿਹੇ ਪਿਛੋਕੜ ’ਚ ਭਾਰਤ ਦੇ ਕੋਲ ਸੈਮੀਕੰਡਕਟਰ ਦੇ ਨਿਰਮਾਣ ਅਤੇ ਸਪਲਾਈ ਲੜੀ ’ਚ ਅੱਗੇ ਵਧਣ ਦਾ ਭਰਪੂਰ ਮੌਕਾ ਹੈ।


Harinder Kaur

Content Editor

Related News