ਆਯਾਤਕ ਤੋਂ ਨਿਰਯਾਤਕ ਤਕ : ਭਾਰਤ ਨੇ 11 ਸਾਲਾਂ ''ਚ ਰੱਖਿਆ ਉਤਪਾਦਨ ''ਚ ਰਚਿਆ ਇਤਿਹਾਸ
Saturday, Aug 16, 2025 - 12:26 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਲਾਲ ਕ਼ਿਲ੍ਹੇ ਤੋਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਰੱਖਿਆ ਖੇਤਰ ਵਿਚ ‘ਮੇਕ ਇਨ ਇੰਡੀਆ’ ਤੇ ਆਤਮਨਿਰਭਰਤਾ ਦੀ ਤਾਕਤ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ “ਅਸੀਂ ਆਪਰੇਸ਼ਨ ਸਿੰਦੂਰ ਵਿੱਚ ਦੇਖਿਆ ਕਿ ਮੇਡ ਇਨ ਇੰਡੀਆ ਦਾ ਕਿਵੇਂ ਜਾਦੂ ਚੱਲਿਆ। ਦੁਸ਼ਮਣ ਨੂੰ ਪਤਾ ਵੀ ਨਾ ਲੱਗਿਆ ਕਿ ਇਹ ਹਥਿਆਰ ਕਿਹੜੇ ਸਨ, ਇਹ ਕਿਹੜੀ ਤਾਕਤ ਸੀ ਜੋ ਇਕ ਪਲ ਵਿਚ ਉਨ੍ਹਾਂ ਨੂੰ ਚੂਰ-ਚੂਰ ਕਰ ਰਹੀ ਸੀ। ਸੋਚੋ ਜੇ ਅਸੀਂ ਖ਼ੁਦ ਨਿਰਭਰ ਨਾ ਹੁੰਦੇ, ਤਾਂ ਕੀ ਅਸੀਂ ਇੰਨੀ ਤੇਜ਼ੀ ਨਾਲ ਇਹ ਆਪਰੇਸ਼ਨ ਕਰ ਸਕਦੇ ਸੀ?”
ਮੋਦੀ ਨੇ ਕਿਹਾ ਕਿ ਹੁਣ ਭਾਰਤੀ ਸੈਨਾ ਦੇ ਹੱਥਾਂ ਵਿਚ ਮੇਡ ਇਨ ਇੰਡੀਆ ਦੀ ਤਾਕਤ ਹੈ। ਪਿਛਲੇ 10–11 ਸਾਲਾਂ ਦੌਰਾਨ ਦੇਸ਼ ਨੇ ਰੱਖਿਆ ਖੇਤਰ ਵਿੱਚ ਵੱਡੇ ਬਦਲਾਵ ਵੇਖੇ ਹਨ। ਇਕ ਵਕਤ ਸੀ ਜਦੋਂ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰਾਂ ਦਾ ਆਯਾਤਕਾਰ ਸੀ, ਪਰ ਹੁਣ ਇਹ ਘਰੇਲੂ ਉਤਪਾਦਨ ਦਾ ਕੇਂਦਰ ਬਣ ਰਿਹਾ ਹੈ।
ਰੱਖਿਆ ਖੇਤਰ ਵਿਚ ਮੁੱਖ ਉਪਲਬਧੀਆਂ
ਰੱਖਿਆ ਬਜਟ 2013–14 ਦੇ 2.53 ਲੱਖ ਕਰੋੜ ਰੁਪਏ ਤੋਂ ਵਧ ਕੇ 2025–26 ਵਿੱਚ 6.81 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ।
2024–25 ਵਿੱਚ ਦੇਸ਼ ਨੇ 1.50 ਲੱਖ ਕਰੋੜ ਰੁਪਏ ਦਾ ਸਭ ਤੋਂ ਵੱਧ ਘਰੇਲੂ ਰੱਖਿਆ ਉਤਪਾਦਨ ਕੀਤਾ, ਜੋ 2014–15 ਨਾਲੋਂ ਤਿੰਨ ਗੁਣਾ ਜ਼ਿਆਦਾ ਹੈ।
ਰੱਖਿਆ ਨਿਰਯਾਤ 2013–14 ਦੇ 686 ਕਰੋੜ ਰੁਪਏ ਤੋਂ ਵਧ ਕੇ 2024–25 ਵਿੱਚ 23,622 ਕਰੋੜ ਰੁਪਏ ਹੋ ਗਏ, ਜੋ 34 ਗੁਣਾ ਵਾਧਾ ਹੈ। ਹੁਣ ਭਾਰਤ 100 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਸਾਮਾਨ ਭੇਜਦਾ ਹੈ। 2023–24 ਵਿੱਚ ਸਭ ਤੋਂ ਵੱਧ ਨਿਰਯਾਤ ਅਮਰੀਕਾ, ਫਰਾਂਸ ਅਤੇ ਆਰਮੀਨੀਆ ਨੂੰ ਹੋਇਆ।
ਆਤਮਨਿਰਭਰਤਾ ਵੱਲ ਕਦਮ
ਡਿਫੈਂਸ ਐਕੁਇਜ਼ਿਸ਼ਨ ਪ੍ਰੋਸੀਜਰ 2020: ਇਸ ਵਿਚ ‘ਬਾਯ (ਇੰਡਿਜੀਨਸ ਡਿਜਾਈਨ, ਡਿਵੈਲਪਡ ਐਂਡ ਮੈਨੂਫੈਕਚਰਡ)’ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ।
ਮੇਕ-I ਤੇ ਮੇਕ-II ਯੋਜਨਾ: MSMEs ਅਤੇ ਸਟਾਰਟਅਪਸ ਨੂੰ ਹੌਸਲਾ ਦਿੱਤਾ ਗਿਆ, ਜਿੱਥੇ ਸਰਕਾਰ ਵਿਕਾਸ ਖਰਚ ਦਾ 70% ਤੱਕ ਫੰਡ ਕਰਦੀ ਹੈ।
FDI ਸੀਮਾ: ਰੱਖਿਆ ਖੇਤਰ ਵਿੱਚ 74% ਤੱਕ ਆਟੋਮੈਟਿਕ ਰੂਟ ਤੇ, ਜਦਕਿ ਖ਼ਾਸ ਮਾਮਲਿਆਂ ਵਿੱਚ 100% ਤੱਕ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ।
iDEX ਅਤੇ TDF ਸਕੀਮਾਂ: ਨਵੇਂ ਇਨੋਵੇਸ਼ਨ ਅਤੇ ਰਿਸਰਚ ਲਈ ਸਟਾਰਟਅਪਸ ਤੇ ਅਕਾਦਮਿਕ ਸੰਸਥਾਵਾਂ ਨੂੰ ਮੌਕੇ।
SRIJAN ਪੋਰਟਲ: 46 ਹਜ਼ਾਰ ਤੋਂ ਵੱਧ ਆਯਾਤੀ ਰੱਖਿਆ ਆਈਟਮਾਂ ਨੂੰ ਸੂਚੀਬੱਧ ਕਰਕੇ ਘਰੇਲੂ ਉਦਯੋਗਾਂ ਨੂੰ ਵਿਕਾਸ ਲਈ ਬੁਲਾਇਆ।
ਅੱਤਵਾਦ ਖਿਲਾਫ਼ ਸਖ਼ਤ ਕਾਰਵਾਈ
2016 ਵਿੱਚ ਸਰਜੀਕਲ ਸਟ੍ਰਾਈਕਸ ਤੇ 2019 ਵਿੱਚ ਬਾਲਾਕੋਟ ਹਵਾਈ ਹਮਲੇ ਨੇ ਨਵਾਂ ਸੁਨੇਹਾ ਦਿੱਤਾ।
ਆਪਰੇਸ਼ਨ ਸਿੰਦੂਰ (ਅਪ੍ਰੈਲ 2025): ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ PoJK ਵਿੱਚ 9 JeM ਤੇ LeT ਕੈਂਪਾਂ ਨੂੰ ਡਰੋਨ ਤੇ ਪ੍ਰਿਸੀਜ਼ਨ ਹਥਿਆਰਾਂ ਨਾਲ ਤਬਾਹ ਕੀਤਾ। 100 ਤੋਂ ਵੱਧ ਆਤੰਕੀ ਮਾਰੇ ਗਏ।
ਪਾਕਿਸਤਾਨ ਦੇ ਜਵਾਬੀ ਹਮਲੇ (7–8 ਮਈ) ਨੂੰ ਭਾਰਤ ਦੇ ਉੱਚ ਤਕਨੀਕੀ ਸਿਸਟਮਾਂ ਨੇ ਨਾਕਾਮ ਕੀਤਾ।
ਜੰਮੂ-ਕਸ਼ਮੀਰ ਵਿੱਚ ਬਦਲਾਅ
2019 ਵਿੱਚ Article 370 ਹਟਾਏ ਜਾਣ ਤੋਂ ਬਾਅਦ ਘਾਟੀ ਵਿੱਚ ਅਮਨ ਦੇ ਨਵੇਂ ਦਰਵਾਜ਼ੇ ਖੁੱਲੇ। 2018 ਦੇ ਮੁਕਾਬਲੇ 2024 ਵਿੱਚ ਆਤੰਕੀ ਘਟਨਾਵਾਂ 228 ਤੋਂ ਘੱਟ ਕੇ ਸਿਰਫ਼ 28 ਰਹਿ ਗਈਆਂ। ਪੱਥਰਬਾਜ਼ੀ ਦੇ ਮਾਮਲੇ ਵੀ ਪੂਰੀ ਤਰ੍ਹਾਂ ਖ਼ਤਮ ਹੋਏ। 2024 ਦੇ ਵਿਧਾਨ ਸਭਾ ਚੋਣਾਂ ਵਿੱਚ 63% ਵੋਟਿੰਗ ਇਸਦਾ ਸਾਫ਼ ਸੰਕੇਤ ਹੈ।
ਨਕਸਲਵਾਦ ‘ਤੇ ਕਾਬੂ
ਪਿਛਲੇ ਦਸ ਸਾਲਾਂ ਵਿੱਚ 8 ਹਜ਼ਾਰ ਤੋਂ ਵੱਧ ਨਕਸਲੀਆਂ ਨੇ ਹਥਿਆਰ ਛੱਡੇ ਹਨ। ਹਿੰਸਕ ਘਟਨਾਵਾਂ ਵਿੱਚ 85% ਕਮੀ ਆਈ ਹੈ ਅਤੇ ਪ੍ਰਭਾਵਿਤ ਜ਼ਿਲ੍ਹੇ ਵੀ ਘੱਟ ਕੇ 20 ਤੋਂ ਹੇਠਾਂ ਆ ਗਏ ਹਨ।
ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਦੀ ਨੀਤੀ ‘ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ’ ਰਹੇਗੀ। ਜੇ ਗੱਲਬਾਤ ਹੋਵੇਗੀ ਤਾਂ ਸਿਰਫ਼ ਅੱਤਵਾਦ ਜਾਂ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਉੱਤੇ ਹੋਵੇਗੀ।