ਮਨਮੋਹਨ ਸਿੰਘ ਦੇ ਕਾਰਜਕਾਲ ''ਚ 2 ਵਾਰ ਦਹਾਈ ਅੰਕਾਂ ''ਚ ਵਧੀ ਸੀ ਅਰਥਵਿਵਸਥਾ

08/20/2018 8:34:04 AM

ਨਵੀਂ ਦਿੱਲੀ— ਹਾਲ ਹੀ 'ਚ ਰਾਸ਼ਟਰੀ ਅੰਕੜਾ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਕਾਰ (2004-14) ਦੇ ਕਾਰਜਕਾਲ ਦੌਰਾਨ ਭਾਰਤੀ ਅਰਥਵਿਵਸਥਾ ਦੋਹਰੇ ਅੰਕਾਂ 'ਚ ਵਧੀ। ਰੀਅਲ ਸੈਕਟਰ ਦੇ ਅੰਕੜਿਆਂ 'ਤੇ ਇਕ ਪੈਨਲ ਵੱਲੋਂ ਦਿੱਤੇ ਗਏ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਬੈਕ-ਡੇਟ ਡਾਟਾ 'ਚ ਇਸ ਗੱਲ ਨੂੰ ਦਰਸਾਇਆ ਗਿਆ ਹੈ।
ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 2007-08 'ਚ ਜੀ. ਡੀ. ਪੀ. 'ਚ 10.23 ਫ਼ੀਸਦੀ ਅਤੇ 2010-11 'ਚ 10.78 ਫ਼ੀਸਦੀ ਦਾ ਵਾਧਾ ਹੋਇਆ। ਆਜ਼ਾਦੀ ਤੋਂ ਮਗਰੋਂ ਸਭ ਤੋਂ ਜ਼ਿਆਦਾ ਵਿਕਾਸ ਦਰ 1988-89 'ਚ 10.2 ਫ਼ੀਸਦੀ ਦਰਜ ਕੀਤੀ ਗਈ ਸੀ, ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਨ। ਇਹ ਰਿਪੋਰਟ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮ. ਓ. ਐੱਸ. ਪੀ. ਆਈ.) ਦੀ ਵੈੱਬਸਾਈਟ 'ਤੇ ਜਾਰੀ ਕੀਤੀ ਗਈ ਹੈ।

ਕੀ ਕਹਿੰਦੇ ਹਨ ਨਵੇਂ ਅੰਕੜੇ 
ਰਾਸ਼ਟਰੀ ਅੰਕੜਾ ਕਮਿਸ਼ਨ ਵੱਲੋਂ ਗਠਿਤ 'ਕਮੇਟੀ ਆਫ ਰੀਅਲ ਸੈਕਟਰ ਸਟੈਟਿਕਸ' ਨੇ ਪਿਛਲੀ ਲੜੀ (2004-05) ਦੇ ਆਧਾਰ 'ਤੇ ਜੀ. ਡੀ. ਪੀ. ਡਾਟਾ ਤਿਆਰ ਕੀਤਾ ਹੈ। ਰਿਪੋਰਟ 'ਚ ਪੁਰਾਣੀ ਲੜੀ (2004-05) ਅਤੇ ਨਵੀਂ ਲੜੀ 2011-12 ਦੀਆਂ ਕੀਮਤਾਂ 'ਤੇ ਆਧਾਰਿਤ ਵਾਧਾ ਦਰ ਦੀ ਤੁਲਨਾ ਕੀਤੀ ਗਈ ਹੈ। 
ਪੁਰਾਣੀ ਲੜੀ ਮਨਮੋਹਨ ਸਿੰਘ ਦੇ ਕਾਰਜਕਾਲ 2004-05 ਤਹਿਤ ਜੀ. ਡੀ. ਪੀ. ਦੀ ਵਾਧਾ ਦਰ ਸਥਿਰ ਮੁੱਲ 'ਤੇ 2006-07 'ਚ 9.57 ਫ਼ੀਸਦੀ ਰਹੀ। ਨਵੀਂ ਲੜੀ (2011-12) ਦੇ ਤਹਿਤ ਇਹ ਵਾਧਾ ਦਰ ਸੋਧ ਕੇ 10.08 ਫ਼ੀਸਦੀ ਰਹਿਣ ਦੀ ਗੱਲ ਕਹੀ ਗਈ ਹੈ।

ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਵ ਦੀ ਅਗਵਾਈ 'ਚ ਵਾਧਾ ਦਰ ਸਭ ਤੋਂ ਜ਼ਿਆਦਾ ਰਹੀ
ਦੱਸਣਯੋਗ ਹੈ ਕਿ 10.08 ਫ਼ੀਸਦੀ ਦੀ ਵਾਧਾ ਦਰ 1991 'ਚ ਤਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਵ ਦੀ ਅਗਵਾਈ 'ਚ ਸ਼ੁਰੂ ਆਰਥਕ ਉਦਾਰੀਕਰਨ ਦੀ ਸ਼ੁਰੂਆਤ ਤੋਂ ਮਗਰੋਂ ਸਭ ਤੋਂ ਜ਼ਿਆਦਾ ਰਹੀ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਆਪਣੇ ਟਵਿਟਰ 'ਤੇ ਲਿਖਿਆ ਹੈ, ਜੀ. ਡੀ. ਪੀ. ਲੜੀ 'ਤੇ ਆਧਾਰਿਤ ਅੰਕੜੇ ਆਖ਼ਿਰਕਾਰ ਆ ਹੀ ਗਏ। ਇਹ ਸਾਬਤ ਕਰਦੇ ਹਨ ਕਿ ਯੂ. ਪੀ. ਏ. ਦੇ 10 ਸਾਲ ਦੇ ਸ਼ਾਸਨ ਦੌਰਾਨ ਔਸਤ ਵਾਧਾ ਦਰ 8.1 ਫ਼ੀਸਦੀ ਰਹੀ, ਉਥੇ ਹੀ ਮੋਦੀ 
ਸਰਕਾਰ ਦੇ 4 ਸਾਲ ਦੇ ਕਾਰਜਕਾਲ ਦੌਰਾਨ ਔਸਤ ਵਾਧਾ ਦਰ 7.3 ਫ਼ੀਸਦੀ ਰਹੀ।  
ਕਾਂਗਰਸ ਨੇ ਇਹ ਵੀ ਕਿਹਾ ਕਿ ਆਧੁਨਿਕ ਭਾਰਤੀ ਇਤਿਹਾਸ 'ਚ ਅਰਥਵਿਵਸਥਾ ਦੀ ਵਿਕਾਸ ਦਰ ਨੂੰ ਦਹਾਈ ਅੰਕ ਤੱਕ ਪਹੁੰਚਾਉਣ ਦਾ ਰਿਕਾਰਡ ਯੂ. ਪੀ. ਏ. ਦੇ ਕੋਲ ਹੈ। ਰਿਪੋਰਟ ਮੁਤਾਬਕ ਬਾਅਦ ਦੇ ਸਾਲਾਂ ਲਈ ਜੀ. ਡੀ. ਪੀ. ਦੀ ਗਿਣਤੀ ਵੀ 'ਤੇ ਸੋਧ ਕੀਤੀ ਗਈ ਹੈ। ਅਰਥਵਿਵਸਥਾ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਦੋਸ਼ ਲਾਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਲਈ ਇਹ ਰਿਪੋਰਟ ਇਕ ਝਟਕੇ ਦੇ ਤੌਰ 'ਤੇ ਵੇਖੀ ਜਾ ਰਹੀ ਹੈ।

ਗਲੋਬਲ ਇਕਾਨਮੀ ਦਾ ਇੰਜਣ ਬਣਿਆ ਰਹੇਗਾ ਭਾਰਤ
ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਅਰਥਵਿਵਸਥਾ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਭਾਰਤ ਅਗਲੇ ਤਿੰਨ ਦਹਾਕਿਆਂ ਤੱਕ ਗਲੋਬਲ ਇਕਾਨਮੀ ਦਾ ਇੰਜਣ ਬਣਿਆ ਰਹੇਗਾ। ਆਈ. ਐੱਮ. ਐੱਫ. ਨੇ ਭਾਰਤੀ ਅਰਥਵਿਵਸਥਾ ਲਈ ਵਿੱਤੀ ਸਾਲ 2018-19 ਲਈ 7.3 ਫ਼ੀਸਦੀ, ਜਦੋਂ ਕਿ ਵਿੱਤੀ ਸਾਲ 2019-20 ਲਈ 7.5 ਫੀਸਦੀ ਜੀ. ਡੀ. ਪੀ. ਦਾ ਅੰਦਾਜ਼ਾ ਪ੍ਰਗਟਾਇਆ ਹੈ।

ਰਿਪੋਰਟ ਪੱਕੀ ਨਹੀਂ, ਬਾਅਦ 'ਚ ਆਉਣਗੇ ਅੰਕੜੇ : ਮੰਤਰਾਲਾ 
ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਪਿੱਛੇ ਦੀ ਲੜੀ ਦੇ ਅੰਕੜਿਆਂ ਨੂੰ ਲੈ ਕੇ ਉੱਠੇ ਵਿਵਾਦ ਵਿਚਾਲੇ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਨੇ ਅੱਜ ਕਿਹਾ ਕਿ 'ਇਹ ਰਿਪੋਰਟ ਪੱਕੀ ਨਹੀਂ ਹੈ' ਤੇ ਅਧਿਕਾਰਕ ਅੰਕੜੇ ਬਾਅਦ 'ਚ ਜਾਰੀ ਕੀਤੇ ਜਾਣਗੇ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਨੇ ਇਕ ਬਿਆਨ 'ਚ ਅੱਜ ਕਿਹਾ ਕਿ ਜੀ. ਡੀ. ਪੀ. ਦੀ ਮੌਜੂਦਾ ਲੜੀ ਦੀ ਪਿੱਛੇ ਦੀਆਂ ਕੜੀਆਂ ਨੂੰ ਬਣਾਉਣ ਸਬੰਧੀ ਇਸ ਰਿਪੋਰਟ 'ਚ ਪੇਸ਼ ਅੰਦਾਜ਼ੇ ਕੋਈ 'ਅਧਿਕਾਰਕ ਅੰਦਾਜ਼ੇ' ਨਹੀਂ ਹਨ। ਰਾਸ਼ਟਰੀ ਅੰਕੜਾ ਕਮਿਸ਼ਨ (ਐੱਨ. ਐੱਸ. ਸੀ.) ਨੇ ਵੀ ਕਿਹਾ ਹੈ ਕਿ ਜੀ. ਡੀ. ਪੀ. ਦੀ ਨਵੀਂ ਲੜੀ ਦੀਆਂ ਪਿਛਲੀਆਂ ਕੜੀਆਂ ਨੂੰ ਢਾਲਣ ਦਾ 'ਕੰਮ ਚੱਲ ਰਿਹਾ ਹੈ'।


Related News