ਵਿਸ਼ਵ ਆਰਥਿਕ ਪ੍ਰਣਾਲੀ ’ਚ ਸਥਿਰਤਾ ਲਈ ਭਾਰਤ-ਚੀਨ ਦਾ ਮਿਲ ਕੇ ਕੰਮ ਕਰਨਾ ਮਹੱਤਵਪੂਰਨ : ਮੋਦੀ
Friday, Aug 29, 2025 - 10:42 PM (IST)

ਟੋਕੀਓ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਮਿਲ ਕੇ ਕੰਮ ਕਰਨਾ ਵਿਸ਼ਵ ਆਰਥਿਕ ਪ੍ਰਣਾਲੀ ’ਚ ਸਥਿਰਤਾ ਲਿਆਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਵੱਲੇ ਸਬੰਧਾਂ ਨੂੰ ਰਣਨੀਤਕ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ, ਆਪਸੀ ਸਨਮਾਨ ਅਤੇ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਅੱਗੇ ਵਧਾਉਣ ਲਈ ਤਿਆਰ ਹੈ। ਜਾਪਾਨ ਦੀ ਆਪਣੀ ਫੇਰੀ ਦੌਰਾਨ ‘ਦਿ ਯੋਮਿਉਰੀ ਸ਼ਿੰਬੂਨ’ ਨੂੰ ਦਿੱਤੀ ਇਕ ਇੰਟਰਵਿਊ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਗੁਆਂਢੀ ਅਤੇ ਦੁਨੀਆ ਦੇ ਦੋ ਸਭ ਤੋਂ ਵੱਡੇ ਦੇਸ਼ ਹੋਣ ਦੇ ਨਾਤੇ ਭਾਰਤ ਅਤੇ ਚੀਨ ਵਿਚਕਾਰ ਸਥਿਰ ਅਤੇ ਦੋਸਤਾਨਾ ਸਬੰਧ ਖੇਤਰੀ ਅਤੇ ਵਿਸ਼ਵ ਸ਼ਾਂਤੀ ਤੇ ਖੁਸ਼ਹਾਲੀ ’ਤੇ ਹਾਂ-ਪੱਖੀ ਪ੍ਰਭਾਵ ਪਾ ਸਕਦੇ ਹਨ।
ਚੀਨ ਨਾਲ ਸਬੰਧਾਂ ’ਚ ਸੁਧਾਰ ਦੀ ਮਹੱਤਤਾ ਬਾਰੇ ਪੁੱਛੇ ਜਾਣ ’ਤੇ ਮੋਦੀ ਨੇ ਕਿਹਾ, ‘‘ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ’ਤੇ ਮੈਂ ਇੱਥੋਂ ਤਿਆਨਜਿਨ ਜਾਵਾਂਗਾ, ਜਿੱਥੇ ਮੈਂ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸਿਖਰ ਸੰਮੇਲਨ ’ਚ ਹਿੱਸਾ ਲਵਾਂਗਾ। ਪਿਛਲੇ ਸਾਲ ਕਜ਼ਾਨ ’ਚ ਰਾਸ਼ਟਰਪਤੀ ਸ਼ੀ ਨਾਲ ਮੇਰੀ ਮੁਲਾਕਾਤ ਤੋਂ ਬਾਅਦ ਸਾਡੇ ਦੁਵੱਲੇ ਸਬੰਧਾਂ ’ਚ ਸਥਿਰ ਅਤੇ ਹਾਂ-ਪੱਖੀ ਪ੍ਰਗਤੀ ਹੋਈ ਹੈ। ’’ ਉਨ੍ਹਾਂ ਕਿਹਾ ਕਿ ਦੋ ਗੁਆਂਢੀ ਅਤੇ ਦੁਨੀਆ ਦੇ ਦੋ ਸਭ ਤੋਂ ਵੱਡੇ ਰਾਸ਼ਟਰਾਂ ਦੇ ਰੂਪ ’ਚ ਭਾਰਤ ਅਤੇ ਚੀਨ ਵਿਚਕਾਰ ਸਥਿਰ, ਅਨੁਮਾਨਯੋਗ ਅਤੇ ਸੁਹਿਰਦ ਦੁਵੱਲੇ ਸਬੰਧਾਂਂ ਦਾ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ’ਤੇ ਹਾਂ-ਪੱਖੀ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁ-ਧਰੁਵੀ ਏਸ਼ੀਆ ਅਤੇ ਬਹੁ-ਧਰੁਵੀ ਵਿਸ਼ਵ ਲਈ ਵੀ ਮਹੱਤਵਪੂਰਨ ਹੈ।