ਕੋਵਿਡ-19 ਖ਼ਿਲਾਫ ਮੁਹਿੰਮ 'ਚ ਅਹਿਮ ਮੋੜ 'ਤੇ ਭਾਰਤ : ਮੁਕੇਸ਼ ਅੰਬਾਨੀ
Saturday, Nov 21, 2020 - 02:47 PM (IST)
ਗਾਂਧੀਨਗਰ— ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ (ਸੀ. ਐੱਮ. ਡੀ.) ਮੁਕੇਸ਼ ਅੰਬਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਕੋਰੋਨਾ ਵਾਇਰਸ ਖ਼ਿਲਾਫ ਆਪਣੀ ਲੜਾਈ 'ਚ ਇਕ ਮਹੱਤਵਪੂਰਨ ਪੜਾਅ 'ਚ ਦਾਖ਼ਲ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਮੌਕੇ 'ਤੇ ਪਹੁੰਚ ਕੇ ਹੁਣ ਢਿੱਲ ਨਹੀਂ ਵਰਤੀ ਜਾ ਸਕਦੀ ਹੈ। ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਬਾਰੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਤੇਜ਼ੀ ਨਾਲ ਆਰਥਿਕ ਸਥਿਤੀ ਉਭਰੇਗੀ।
ਅੰਬਾਨੀ ਦੀ ਇਹ ਟਿਪਣੀ ਉਸ ਸਮੇਂ ਆਈ ਹੈ, ਜਦੋਂ ਦੇਸ਼ ਦੇ ਕੁਝ ਹਿੱਸਿਆਂ 'ਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣ ਲੱਗੇ ਹਨ ਅਤੇ ਪਾਬੰਦੀਆਂ ਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅੰਬਾਨੀ ਨੇ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਿਸਟੀ ਦੇ 8ਵੇਂ ਕਨਵੋਕੇਸ਼ਨ ਸਮਾਰੋਹ 'ਚ ਕਿਹਾ, ''ਭਾਰਤ ਨੇ ਕੋਵਿਡ-19 ਮਹਾਮਾਰੀ ਖ਼ਿਲਾਫ ਲੜਾਈ 'ਚ ਇਕ ਮਹੱਤਵਪੂਰਨ ਪੜਾਅ 'ਚ ਪ੍ਰਵੇਸ਼ ਕੀਤਾ ਹੈ। ਇਸ ਮੋੜ 'ਤੇ ਢਿੱਲ ਨਹੀਂ ਵਰਤੀ ਜਾ ਸਕਦੀ।'' ਅੰਬਾਨੀ ਨੇ ਸਮਾਰੋਹ ਨੂੰ ਵਰਚੁਅਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਕਾਲ ਖ਼ਤਮ ਹੋਣ ਪਿੱਛੋਂ ਸ਼ਾਨਦਾਰ ਵਿਕਾਸ ਦਿਸ ਰਿਹਾ ਹੈ। ਉਨ੍ਹਾਂ ਨੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਘਬਰਾਹਟ ਛੱਡ ਉਮੀਦ ਅਤੇ ਭਰੋਸੇ ਨਾਲ ਕੰਪਲੈਕਸ ਤੋਂ ਬਾਹਰ ਦੀ ਦੁਨੀਆ 'ਚ ਦਾਖ਼ਲ ਹੋਣ। ਅੰਬਾਨੀ ਨੇ ਕਿਹਾ ਕਿ ਭਾਰਤ ਨੂੰ ਆਰਥਿਕ ਮਹਾਸ਼ਕਤੀ ਬਣਨ ਦੇ ਨਾਲ-ਨਾਲ ਸਾਫ਼ ਅਤੇ ਹਰੀ ਊਰਜਾ ਦੀ ਮਹਾਸ਼ਕਤੀ ਬਣਨ ਦੇ ਦੋਹਰੇ ਟੀਚੇ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ।