ਭਾਰਤ ਦੇ ਸੀ. ਫੂਡ ਨੂੰ ਅਮਰੀਕਾ ''ਚ ਮਿਲੀ ਰਾਹਤ

Thursday, Jun 22, 2017 - 03:07 AM (IST)

ਭਾਰਤ ਦੇ ਸੀ. ਫੂਡ ਨੂੰ ਅਮਰੀਕਾ ''ਚ ਮਿਲੀ ਰਾਹਤ

ਮੁੰਬਈ — ਸੀ. ਫੂਡ (ਸਮੁੰਦਰੀ ਖੁਰਾਕ) ਦੀ ਬਰਾਮਦ ਕਰਨ ਵਾਲੀਆਂ ਭਾਰਤ ਦੀਆਂ 140 ਕੰਪਨੀਆਂ ਨੂੰ ਅਮਰੀਕੀ ਬੈਨ ਤੋਂ ਰਾਹਤ ਮਿਲੀ ਹੈ। ਅਮਰੀਕਾ ਦੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫ. ਡੀ. ਏ.) ਨੇ ਇਨ੍ਹਾਂ ਕੰਪਨੀਆਂ ਨੂੰ ਬੈਨ (ਡੀ. ਡਬਲਯੂ. ਪੀ. ਈ.) ਦੇ ਦਾਇਰੇ ਤੋਂ ਬਾਹਰ ਰੱਖਣ ਲਈ 140 ਭਾਰਤੀ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ। 2016-17 ਦੌਰਾਨ ਅਮਰੀਕਾ ਨੇ ਭਾਰਤ ਤੋਂ ਲਗਭਗ 38,000 ਕਰੋੜ ਰੁਪਏ ਮੁੱਲ ਦਾ 1,88,617 ਟਨ ਸੀ-ਫੂਡ ਦੀ ਦਰਾਮਦ ਕੀਤਾ। ਪਿਛਲੇ ਸਾਲ ਦੇ ਮੁਕਾਬਲੇ ਇਹ ਮਾਤਰਾ ਦੇ ਰੂਪ 'ਚ ਲਗਭਗ 22.7 ਫੀਸਦੀ ਅਤੇ ਮੁੱਲ (ਡਾਲਰ 'ਚ) ਦੇ ਰੂਪ 'ਚ 30 ਫੀਸਦੀ ਜ਼ਿਆਦਾ ਰਿਹਾ।
ਇਕ ਵੱਡੀ ਬਰਾਮਦਕਾਰ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਸੂਚੀ 'ਚ ਦਿੱਤੇ ਗਏ ਬਰਾਮਦਕਾਰਾਂ ਨੂੰ ਬੈਨ ਤੋਂ ਛੋਟ ਤਾਂ ਮਿਲ ਗਈ ਹੈ ਪਰ ਅਮਰੀਕੀ ਵਿਭਾਗਾਂ ਵੱਲੋਂ ਉਨ੍ਹਾਂ ਦੀ ਅਚਾਨਕ ਜਾਂਚ ਕੀਤੀ ਜਾ ਸਕਦੀ ਹੈ ਅਤੇ ਸਮੇਂ-ਸਮੇਂ 'ਤੇ ਇਸ ਸੂਚੀ ਨੂੰ ਸੋਧਿਆ ਜਾਵੇਗਾ। ਓਧਰ ਐੱਫ. ਡੀ. ਏ. ਨੇ ਕਿਹਾ ਹੈ ਕਿ ਇਸ ਸਬੰਧ 'ਚ ਛੋਟ ਲਈ ਸੂਚੀਬੱਧ ਕੀਤੀਆਂ ਗਈਆਂ ਕੰਪਨੀਆਂ ਦੇ ਮਾਲ ਨੂੰ ਛੱਡ ਕੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਂਚ ਕੀਤੇ ਬਿਨਾਂ ਭਾਰਤ ਦੇ ਸਾਰੀਆਂ ਤਰ੍ਹਾਂ ਦੇ ਤਾਜ਼ਾ (ਕੱਚੇ), ਫਰੋਜ਼ਨ ਅਤੇ ਪੱਕੀਆਂ ਹੋਈਆਂ ਝੀਂਗਾਂ ਨੂੰ ਰੋਕਿਆ ਜਾ ਸਕਦਾ ਹੈ।
ਭਾਰਤੀ ਉਦਯੋਗ ਦਾ ਕਹਿਣਾ ਹੈ ਕਿ ਅਮਰੀਕਾ ਦਾ ਇਹ ਹਾਲੀਆ ਕਦਮ ਦਰਸਾਉਂਦਾ ਹੈ ਕਿ ਉਹ ਸਾਡੇ ਝੀਂਗਾਂ ਬਰਾਮਦਕਾਰਾਂ ਵੱਲੋਂ ਜ਼ਰੂਰੀ ਕੀਤੇ ਗਏ ਸਮੁੰਦਰੀ ਮਾਪਦੰਡਾਂ ਅਤੇ ਪ੍ਰੀਖਣ ਵਿਵਸਥਾ ਨਾਲ ਸੰਤੁਸ਼ਟ ਹੈ। ਇਕ ਬਰਾਮਦਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਅਜਿਹੇ ਸਮੇਂ 'ਚ ਹੋਇਆ ਹੈ ਕਿ ਜਦੋਂ ਹੋਰ ਪ੍ਰਮੁੱਖ ਬਾਜ਼ਾਰ ਯੂਰਪੀ ਸੰਘ ਨੇ ਖੇਪਾਂ ਦੇ ਨਮੂਨਿਆਂ ਦੀ ਜਾਂਚ ਦਾ ਨਿਯਮ ਵਿਸਤ੍ਰਿਤ ਕਰਦੇ ਹੋਏ ਪਹਿਲਾਂ ਤੋਂ 10 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤਾ ਹੈ।


Related News