ਅਗਸਤ ‘ਚ ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ 4 ਫੀਸਦੀ ਘੱਟ ਕੇ 84.78 ਲੱਖ ਟਨ

09/28/2020 12:32:39 AM

ਨਵੀਂ ਦਿੱਲੀ (ਭਾਸ਼ਾ) -ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ ਅਗਸਤ, 2020 ‘ਚ 4 ਫੀਸਦੀ ਘੱਟ ਕੇ 84.78 ਲੱਖ ਟਨ ਰਹਿ ਗਿਆ। ਵਿਸ਼ਵ ਇਸਪਾਤ ਸੰਘ (ਵਰਲਡ ਸਟੀਲ) ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ‘ਚ ਦੇਸ਼ ਦਾ ਕੱਚੇ ਇਸਪਾਤ ਦਾ ਉਤਪਾਦਨ 88.69 ਲੱਖ ਟਨ ਰਿਹਾ ਸੀ। ਵਰਲਡ ਸਟੀਲ ਦੀ ਤਾਜ਼ਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੌਮਾਂਤਰੀ ਇਸਪਾਤ ਉਤਪਾਦਨ ‘ਚ ਹੁਣ ਸਾਕਾਰਾਤਮਕ ਰੁਖ ਵਿੱਖਣ ਲੱਗਾ ਹੈ।

ਅੰਕੜਿਆਂ ਅਨੁਸਾਰ ਅਗਸਤ ‘ਚ ਕੌਮਾਂਤਰੀ ਪੱਧਰ ‘ਤੇ 64 ਦੇਸ਼ਾਂ ਦਾ ਇਸਪਾਤ ਉਤਪਾਦਨ 0.6 ਫੀਸਦੀ ਵਧ ਕੇ 15.62 ਕਰੋੜ ਟਨ ‘ਤੇ ਪਹੁੰਚ ਗਿਆ। ਇਹ 64 ਦੇਸ਼ ਵਰਲਡ ਸਟੀਲ ਨੂੰ ਇਸਪਾਤ ਉਤਪਾਦਨ ਦੀ ਜਾਣਕਾਰੀ ਉਪਲੱਬਧ ਕਰਵਾਉਂਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ, ‘ਕੋਵਿਡ-19‘ ਦੀ ਵਜ੍ਹਾ ਨਾਲ ਪੈਦਾ ਹੋਈਆਂ ਮੁਸ਼ਕਲਾਂ ਦੌਰਾਨ ਇਸ ਮਹੀਨੇ ਦੇ ਕਈ ਅੰਕੜੇ ਅਨੁਮਾਨ ‘ਤੇ ਆਧਾਰਿਤ ਹਨ, ਜਿਨ੍ਹਾਂ ਨੂੰ ਅਗਲੇ ਮਹੀਨੇ ਉਤਪਾਦਨ ਦੇ ਅੰਕੜੇ ਜਾਰੀ ਕਰਦੇ ਸਮੇਂ ਸੋਧ ਕੀਤਾ ਜਾ ਸਕਦਾ ਹੈ। ਅਗਸਤ, 2019 ‘ਚ ਕੌਮਾਂਤਰੀ ਇਸਪਾਤ ਉਤਪਾਦਨ 15.53 ਕਰੋੜ ਟਨ ਰਿਹਾ ਸੀ। ਸਾਲਾਨਾ ਆਧਾਰ ‘ਤੇ ਅਗਸਤ ‘ਚ ਚੀਨ ਦਾ ਕੱਚੇ ਇਸਪਾਤ ਦਾ ਉਤਪਾਦਨ ਅਗਸਤ ‘ਚ 8.4 ਫੀਸਦੀ ਵਧ ਕੇ 9.48 ਕਰੋੜ ਟਨ ‘ਤੇ ਪਹੁੰਚ ਗਿਆ, ਜੋ ਅਗਸਤ, 2019 ‘ਚ 8.74 ਕਰੋੜ ਟਨ ਸੀ।

ਉਥੇ ਹੀ ਅਮਰੀਕਾ ਦਾ ਕੱਚੇ ਇਸਪਾਤ ਦਾ ਉਤਪਾਦਨ 24.4 ਫੀਸਦੀ ਘੱਟ ਕੇ 55.88 ਲੱਖ ਟਨ ਰਿਹਾ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ‘ਚ 73.96 ਲੱਖ ਟਨ ਸੀ। ਇਸੇ ਤਰ੍ਹਾਂ ਜਾਪਾਨ ਦਾ ਕੱਚੇ ਇਸਪਾਤ ਦਾ ਉਤਪਾਦਨ 20.6 ਫੀਸਦੀ ਘੱਟ ਕੇ 64.46 ਲੱਖ ਟਨ ਰਿਹਾ, ਜੋ ਇਕ ਸਾਲ ਪਹਿਲਾਂ 81.20 ਲੱਖ ਟਨ ਰਿਹਾ ਸੀ। 2020 ‘ਚ ਫਰਾਂਸ ਦਾ ਇਸਪਾਤ ਉਤਪਾਦਨ 31.2 ਫੀਸਦੀ ਘੱਟ ਕੇ 7.22 ਲੱਖ ਟਨ ਅਤੇ ਸਪੇਨ ਦਾ 32.5 ਫੀਸਦੀ ਘੱਟ ਕੇ 6.96 ਲੱਖ ਟਨ ਰਿਹਾ। ਬ੍ਰਾਜ਼ੀਲ ਨੇ ਅਗਸਤ ‘ਚ 27 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ, ਜੋ ਅਗਸਤ, 2019 ਤੋਂ 6.5 ਫੀਸਦੀ ਜ਼ਿਆਦਾ ਹੈ। ਤੁਰਕੀ ਦਾ ਕੱਚੇ ਇਸਪਾਤ ਦਾ ਉਤਪਾਦਨ 22.9 ਫੀਸਦੀ ਵਧ ਕੇ 32 ਲੱਖ ਟਨ ‘ਤੇ ਪਹੁੰਚ ਗਿਆ।


Karan Kumar

Content Editor

Related News