ਭਾਰਤ ਦੀ 5ਜੀ ਤਕਨੀਕ ਸਵਦੇਸ਼ੀ, ਦੂਜੇ ਦੇਸ਼ਾਂ ਨਾਲ ਇਸ ਨੂੰ ਸਾਂਝਾ ਕਰਨ ਲਈ ਅਸੀਂ ਤਿਆਰ : ਸੀਤਾਰਮਣ

10/15/2022 10:37:54 AM

ਵਾਸ਼ਿੰਗਟਨ (ਭਾਸ਼ਾ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਨੇ 5ਜੀ ਨੂੰ ਲਾਂਚ ਕੀਤਾ ਹੈ। ਇਹ ਤਕਨੀਕ ਪੂਰੀ ਤਰ੍ਹਾਂ ਸਵਦੇਸ਼ੀ ਹੈ। ਇਸ ਦੇ ਕੁੱਝ ਹਿੱਸੇ ਜ਼ਰੂਰੀ ਦੱਖਣੀ ਕੋਰੀਆ ਤੋਂ ਆਏ ਹਨ। ਇਸ ਤਕਨੀਕ ਨੂੰ ਅਸੀਂ ਉਨ੍ਹਾਂ ਸਾਰੇ ਦੇਸ਼ਾਂ ਨਾਲ ਸਾਂਝਾ ਕਰ ਸਕਦੇ ਹਾਂ ਜੋ ਇਸ ਨੂੰ ਲੈਣਾ ਚਾਹੁਣਗੇ।

ਸੀਤਾਰਮਣ ਨੇ ਜਾਨਸ ਹਾਪਕਿਨਸ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ (ਐੱਸ. ਏ. ਆਈ. ਐੱਸ.) ਵਿਚ ਵੀਰਵਾਰ ਨੂੰ ਵਿਦਿਆਰਥੀਆਂ ਨਾਲ ਚਰਚਾ ’ਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਸਾਡਾ 5ਜੀ ਇੰਪੋਰਟ ਨਹੀਂ ਹੈ। ਇਹ ਭਾਰਤੀ ਉਤਪਾਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਦੇਸ਼ ਦੇ ਚੋਣਵੇਂ ਸ਼ਹਿਰਾਂ ’ਚ ਲਾਂਚ ਕੀਤਾ ਹੈ। 2024 ਤੱਕ ਭਾਰਤ ਦੇ ਸਾਰੇ ਸ਼ਹਿਰਾਂ ’ਚ 5ਜੀ ਤਕਨੀਕ ਹੋਵੇਗੀ। ਅਜਿਹੇ ’ਚ ਸਾਨੂੰ ਭਾਰਤ ਦੀਆਂ ਪ੍ਰਾਪਤੀਆਂ ’ਤੇ ਮਾਣ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਨਿਰਮਲਾ ਸੀਤਾਰਮਣ ਅਮਰੀਕਾ ਦੇ ਛੇ ਦਿਨਾਂ ਦੇ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਮਿਸਰ, ਭੂਟਾਨ, ਨੀਦਰਲੈਂਡ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦਰਮਿਆਨ ਕਈ ਅਹਿਮ ਆਰਥਿਕ ਮੁੱਦਿਆਂ ’ਤੇ ਕੇਂਦਰਿਤ ਵਿਸ਼ਿਆਂ ’ਤੇ ਵਾਸ਼ਿੰਗਟਨ ’ਚ ਕੌਮਾਂਤਰੀ ਵਿੱਤ ਮੰਤਰੀਆਂ ਅਤੇ ਚੋਟੀ ਦੇ ਕੌਮਾਂਤਰੀ ਸੰਗਠਨ ਾਂ ਦੇ ਮੁਖੀਆਂ ਨਾਲ ਦੋਪੱਖੀ ਬੈਠਕ ਕੀਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) , ਵਿਸ਼ਵ ਬੈਂਕ ਦੀਆਂ ਸਾਲਾਨਾ ਬੈਠਕਾਂ ਅਤੇ ਜੀ-20 ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰ ਦੀਆਂ ਬੈਠਕਾਂ ’ਚ ਹਿੱਸਾ ਲੈਣ ਲਈ ਸੰਯੁਕਤ ਰਾਜ ਅਮਰੀਕਾ ਦੀ ਅਧਿਕਾਰਕ ਯਾਤਰਾ ’ਤੇ ਹਨ।

ਕੌਮਾਂਤਰੀ ਅਰਥਵਿਵਸਥਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਸਮੂਹਿਕ ਜ਼ਿੰਮੇਵਾਰੀ

ਸੀਤਾਰਮਣ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ਇਕੱਠੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ ਅਤੇ ਇਸ ਦੇ ਖਤਰਿਆਂ ਨਾਲ ਨਜਿੱਠਣ ਦੀ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇੱਥੇ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਮੌਕੇ ਜੀ20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਬੈਠਕ ਦੀ ਸਮਾਪਤੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ20 ਵਿੱਤ ਮੰਤਰੀਆਂ ਨੇ ਜੋਖਮ ਭਰੀ ਕੌਮਾਂਤਰੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਮਤਭੇਦਾਂ ਨੂੰ ਇਕ ਪਾਸੇ ਰੱਖ ਕੇ ਹਮੇਸ਼ਾ ਨਾਲ ਆਏ ਹਨ ਅਤੇ ਲੋਕਾਂ ਦੀ ਖੁਸ਼ਹਾਲੀ ਦੇ ਇਕ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਕੰਮ ਕੀਤਾ ਹੈ। ਉਨ੍ਹਾਂ ਨੇ ਜੀ20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨੂੰ ਇਸ ਦਿਸ਼ਾ ’ਚ ਕੰਮ ਜਾਰੀ ਰੱਖਣ ਦੀ ਵੀ ਅਪੀਲ ਕੀਤੀ।


Harinder Kaur

Content Editor

Related News