ਯੂਰਪੀ ਸੰਘ ਨੂੰ ਪਿੱਛੇ ਛੱਡ ਭਾਰਤ 2030 ਤੱਕ ਬਣ ਜਾਏਗਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ
Tuesday, Feb 09, 2021 - 05:27 PM (IST)
ਨਵੀਂ ਦਿੱਲੀ(ਭਾਸ਼ਾ)– ਕੌਮਾਂਤਰੀ ਊਰਜਾ ਏਜੰਸੀ (ਆਈ. ਈ. ਏ.) ਨੇ ਕਿਹਾ ਕਿ ਭਾਰਤ 2030 ਤੱਕ ਯੂਰਪੀ ਸੰਘ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਬਣ ਜਾਏਗਾ ਅਤੇ ਨਾਲ ਹੀ ਅਗਲੇ ਦੋ ਦਹਾਕੇ ਤੱਕ ਊਰਜਾ ਦੀ ਮੰਗ ’ਚ ਹੋਣ ਵਾਲੇ ਵਾਧੇ ’ਚ ਸਭ ਤੋਂ ਵੱਡੀ ਹਿੱਸੇਦਾਰੀ ਭਾਰਤ ਦੀ ਹੋਵੇਗੀ।
ਆਈ. ਏ. ਏ. ਨੇ ਭਾਰਤ ਊਰਜਾ ਸਥਿਤੀ 2021 ’ਚ ਕਿਹਾ ਕਿ 2040 ਤੱਕ ਮੁੱਢਲੀ ਊਰਜਾ ਖਪਤ ਵਧ ਕੇ ਲਗਭਗ 112.3 ਕਰੋੜ ਟਨ ਤੇਲ ਦੇ ਬਰਾਬਰ ਹੋ ਜਾਏਗੀ, ਜੋ ਮੌਜੂਦਾ ਪੱਧਰ ਦੇ ਮੁਕਾਬਲੇ ਦੁੱਗਣਾ ਹੈ। ਇਸ ਸਮੇਂ ਤੱਕ ਜੀ. ਡੀ. ਪੀ. ਦੇ 8,600 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਇਸ ਸਮੇਂ ਚੀਨ, ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀ ਸੰਘ ਤੋਂ ਬਾਅਦ ਭਾਰਤ ਚੌਥਾ ਸਭ ਤੋਂ ਵੱਡਾ ਕੌਮਾਂਤਰੀ ਊਰਜਾ ਖਪਤਕਾਰ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ 2040 ਤੱਕ ਭਾਰਤ ਦੀ ਜੀ. ਡੀ. ਪੀ. ’ਚ ਹੋਣ ਵਾਲਾ ਵਾਧਾ ਜਾਪਾਨ ਦੀ ਅਰਥਵਿਵਸਥਾ ਦੇ ਬਰਾਬਰ ਹੋਵੇਗੀ ਅਤੇ ਭਾਰਤ ਇਸ ਲਿਹਾਜ ਨਾਲ 2030 ਤੱਕ ਯੂਰਪੀ ਸੰਘ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ ’ਤੇ ਆ ਜਾਏਗਾ। ਰਿਪੋਰਟ ਮੁਤਾਬਕ 2019 ਤੋਂ 2040 ਤੱਕ ਕੌਮਾਂਤਰੀ ਊਰਜਾ ਮੰਗ ’ਚ ਵਾਧੇ ਦਾ ਲਗਭਗ ਇਕ ਚੌਥਾਈ ਹਿੱਸਾ ਭਾਰਤ ਤੋਂ ਆਵੇਗਾ ਜੋ ਕਿਸੇ ਵੀ ਦੂਜੇ ਦੇਸ਼ ਦੇ ਮੁਕਾਬਲੇ ਵੱਧ ਹੈ।