ਘੱਟ ਕਿਰਾਏ ਨਾਲ ਯਾਤਰੀ ਵਧੇ ਪਰ ਈਂਧਨ ਕੀਮਤਾਂ ਨਾਲ ਏਅਰਲਾਈਨਜ਼ ਬੇਹਾਲ

Saturday, Dec 29, 2018 - 10:34 PM (IST)

ਘੱਟ ਕਿਰਾਏ ਨਾਲ ਯਾਤਰੀ ਵਧੇ ਪਰ ਈਂਧਨ ਕੀਮਤਾਂ ਨਾਲ ਏਅਰਲਾਈਨਜ਼ ਬੇਹਾਲ

ਨਵੀਂ ਦਿੱਲੀ(ਅਨਸ)-ਜੈੱਟ ਫਿਊਲ ਦੀਆਂ ਵਧੀਆਂ ਕੀਮਤਾਂ, ਲਾਭ 'ਚ ਕਮੀ ਅਤੇ ਵਿੱਤੀ ਪ੍ਰੇਸ਼ਾਨੀ ਵਰਗੇ ਉਲਟ ਹਾਲਾਤ ਦੇ ਬਾਵਜੂਦ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ 'ਚ ਸਾਲ 2018 'ਚ ਚੋਖਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਉੱਚੀਆਂ ਈਂਧਨ ਕੀਮਤਾਂ ਅਤੇ ਵਧਦੀ ਮੁਕਾਬਲੇਬਾਜ਼ੀ ਕਾਰਨ ਕਿਰਾਇਆ ਘੱਟ ਰੱਖਣ ਦੇ ਕਾਰਨ ਏਅਰਲਾਈਨਾਂ ਦੇ ਲਾਭ 'ਚ ਗਿਰਾਵਟ ਡਾਲਰ ਦੇ ਮੁਕਾਬਲੇ ਰੁਪਏ ਦੇ ਡਿੱਗਣ ਅਤੇ ਉੱਚੀਆਂ ਵਿਆਜ ਦਰਾਂ ਦੇ ਕਾਰਨ ਹੋਰ ਜ਼ਿਆਦਾ ਵਧ ਗਈ।
ਐਵੀਏਸ਼ਨ ਟ੍ਰਬਾਈਨ ਫਿਊਲ (ਏ. ਟੀ. ਐੱਫ.) 'ਚ ਜਨਵਰੀ-ਦਸੰਬਰ 2018 'ਚ ਸਾਲ-ਦਰ-ਸਾਲ ਆਧਾਰ 'ਤੇ 27 ਫ਼ੀਸਦੀ ਦਾ ਵਾਧਾ ਹੋਇਆ, ਜਦੋਂ ਕਿ ਇਸ ਮਿਆਦ 'ਚ ਰੁਪਇਆ ਡਾਲਰ ਦੇ ਮੁਕਾਬਲੇ ਔਸਤਨ 5 ਫ਼ੀਸਦੀ ਡਿੱਗ ਗਿਆ। ਉਦਯੋਗ ਮਾਹਿਰਾਂ ਮੁਤਾਬਕ ਈਂਧਨ ਕੀਮਤਾਂ 'ਚ ਵਾਧੇ ਨਾਲ ਭਾਰਤੀ ਹਵਾਈ ਕੰਪਨੀਆਂ ਖਾਸ ਤੌਰ 'ਤੇ ਪ੍ਰਭਾਵਿਤ ਹੁੰਦੀਆਂ ਹਨ ਕਿਉਂਕਿ ਇਸ ਮਦ 'ਚ ਉਨ੍ਹਾਂ ਦੇ ਸੰਚਾਲਨ ਖਰਚ ਦਾ 34 ਫ਼ੀਸਦੀ ਤੱਕ ਖਰਚ ਹੁੰਦਾ ਹੈ, ਜਦੋਂ ਕਿ ਕੌਮਾਂਤਰੀ ਔਸਤ 24 ਫ਼ੀਸਦੀ ਹੈ।
ਰੇਟਿੰਗ ਏਜੰਸੀ ਇਕ੍ਰਾ ਨੇ ਇਸ ਉਦਯੋਗ ਨੂੰ ਨਾਂਹ-ਪੱਖੀ ਰੇਟਿੰਗ ਦਿੱਤੀ ਹੈ। ਏਜੰਸੀ ਦੇ ਉਪ-ਪ੍ਰਧਾਨ (ਕਾਰਪੋਰੇਟ ਸੈਕਟਰ ਰੇਟਿੰਗਸ) ਕਿੰਜਲ ਸ਼ਾਹ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 'ਚ ਭਾਰਤੀ ਹਵਾਈ ਉਦਯੋਗ ਏ. ਟੀ. ਐੱਫ. ਦੀਆਂ ਵਧਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਡਿੱਗਣ ਕਾਰਨ ਮੁਸ਼ਕਲ ਸਮੇਂ ਨਾਲ ਜੂਝ ਰਿਹਾ ਹੈ। ਨਾਲ ਹੀ ਮੁਕਾਬਲੇਬਾਜ਼ੀ ਕਾਰਨ ਕਿਰਾਇਆ ਵਧਾਉਣ 'ਚ ਅਸਮਰਥਤਾ ਨਾਲ ਵੀ ਉਦਯੋਗ ਦਾ ਨੁਕਸਾਨ ਵਧਿਆ ਹੈ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਦੇ ਅੰਕੜਿਆਂ ਮੁਤਾਬਕ ਦੇਸ਼ ਦੇ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਨਵੰਬਰ 'ਚ 11.03 ਫ਼ੀਸਦੀ ਵਧ ਕੇ 1.164 ਕਰੋੜ ਰਹੀ, ਜਦੋਂ ਕਿ ਜਨਵਰੀ-ਨਵੰਬਰ ਦੀ ਮਿਆਦ 'ਚ ਇਸ 'ਚ 19.21 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਡੀ. ਜੀ. ਸੀ. ਏ. ਨੇ 21 ਦਸੰਬਰ ਨੂੰ ਜਾਰੀ ਰਿਪੋਰਟ 'ਚ ਕਿਹਾ ਕਿ ਜਨਵਰੀ-ਨਵੰਬਰ 2018 ਦੀ ਮਿਆਦ 'ਚ ਕੁਲ 1,262.83 ਲੱਖ ਯਾਤਰੀਆਂ ਨੇ ਹਵਾਈ ਸਫਰ ਕੀਤਾ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਗਿਣਤੀ 1,059.34 ਲੱਖ ਸੀ, ਜੋ 19.21 ਫ਼ੀਸਦੀ ਦੀ ਵਾਧਾ ਦਰ ਹੈ। ਇਸੇ ਤਰ੍ਹਾਂ ਕੌਮਾਂਤਰੀ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੇ ਅੰਕੜਿਆਂ 'ਚ ਦੱਸਿਆ ਗਿਆ ਕਿ ਅਕਤੂਬਰ 'ਚ ਦੇਸ਼ ਦੇ ਘਰੇਲੂ ਜਹਾਜ਼ ਯਾਤਰੀਆਂ ਦੀ ਆਵਾਜਾਈ 'ਚ ਲਗਾਤਾਰ 50ਵੇਂ ਮਹੀਨੇ 2 ਅੰਕਾਂ 'ਚ ਵਾਧਾ ਦਰ ਦਰਜ ਕੀਤਾ ਗਿਆ ਹੈ।


Related News