ਇਨਕਮ ਟੈਕਸ ਨਿਯਮ, ਘਰ 'ਚ ਇਸ ਤੋਂ ਵੱਧ ਸੋਨਾ ਰੱਖਣਾ ਪੈ ਜਾਵੇਗਾ ਮਹਿੰਗਾ
Monday, May 24, 2021 - 02:13 PM (IST)
ਨਵੀਂ ਦਿੱਲੀ- ਭਾਰਤ ਵਿਚ ਲੋਕ ਸੋਨੇ ਵਿਚ ਨਿਵੇਸ਼ ਕਰਨਾ ਕਾਫ਼ੀ ਪਸੰਦ ਕਰਦੇ ਹਨ ਅਤੇ ਸਭ ਤੋਂ ਵੱਧ ਸੁਰੱਖਿਅਤ ਨਿਵੇਸ਼ਾਂ ਵਿਚੋਂ ਇਸ ਨੂੰ ਇਕ ਮੰਨਿਆ ਜਾਂਦਾ ਹੈ। ਹਾਲਾਂਕਿ, ਇਕ ਨਿਸ਼ਚਤ ਲਿਮਟ ਜਾਂ ਸੀਮਾ ਤੋਂ ਵੱਧ ਸੋਨਾ ਤੁਹਾਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ, ਜੇਕਰ ਤੁਹਾਡੇ ਕੋਲ ਇਸ ਦੀ ਪੱਕੀ ਰਸੀਦ ਜਾਂ ਚਾਲਾਨ (invoice) ਨਹੀਂ ਹੈ। ਸੈਂਟਰਲ ਇਨਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬਿਨਾਂ ਚਾਲਾਨ ਦੇ ਇਕ ਨਿਸ਼ਚਤ ਸੀਮਾ ਤੋਂ ਉਪਰ ਸੋਨਾ ਹੋਣ ਦੀ ਸੂਰਤ ਵਿਚ ਇਨਕਮ ਟੈਕਸ ਦੀ ਧਾਰਾ 132 ਤਹਿਤ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਇਨਕਮ ਟੈਕਸ ਵਿਭਾਗ ਇਹ ਵੀ ਕਹਿੰਦਾ ਹੈ ਕਿ ਜੇਕਰ ਤੁਸੀਂ ਸੋਨਾ ਖ਼ਰੀਦਦੇ ਹੋ ਤਾਂ ਉਸ ਸਾਲ ਦੀ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਦਾਖ਼ਲ ਕਰਨ ਵੇਲੇ ਇਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ।
ਇੰਨਾ ਰੱਖ ਸਕਦੇ ਹੋ ਸੋਨਾ-
ਇਨਕਮ ਟੈਕਸ ਨਿਯਮਾਂ ਅਨੁਸਾਰ, ਜੇਕਰ ਕਿਸੇ ਕੋਲ ਸੋਨੇ ਦੀ ਖ਼ਰੀਦ ਜਾਂ ਇਸ ਦੇ ਵਿਰਾਸਤ ਵਿਚ ਮਿਲਣ ਦਾ ਸਬੂਤ ਹੈ ਤਾਂ ਘਰ ਵਿਚ ਜਿੰਨਾ ਮਰਜ਼ੀ ਸੋਨਾ ਰੱਖ ਸਕਦੇ ਹੋ ਪਰ ਕੋਈ ਬਿਨਾਂ ਇਨਕਮ ਸਰੋਤ ਦੱਸੇ ਘਰ ਵਿਚ ਸੋਨਾ ਰੱਖਣਾ ਚਾਹੁੰਦਾ ਹੈ ਤਾਂ ਉਸ ਦੀ ਇਕ ਲਿਮਟ ਹੈ। ਇਨਕਮ ਟੈਕਸ ਨਿਯਮਾਂ ਅਨੁਸਾਰ, ਇਕ ਵਿਆਹੁਤਾ ਮਹਿਲਾ 500 ਗ੍ਰਾਮ, ਜਦੋਂ ਕਿ ਕੁਆਰੀ ਮਹਿਲਾ 250 ਗ੍ਰਾਮ ਅਤੇ ਮਰਦ 100 ਗ੍ਰਾਮ ਸੋਨਾ ਬਿਨਾਂ ਕਿਸੇ ਚਾਲਾਨ ਜਾਂ ਇਨਕਮ ਸਬੂਤ ਦਿੱਤੇ ਰੱਖ ਸਕਦੇ ਹਨ। ਜੇਕਰ ਤੁਹਾਡੇ ਕੋਲੋਂ ਬਿਨਾਂ ਸਬੂਤ ਦੇ ਇਸ ਤੋਂ ਵੱਧ ਸੋਨਾ ਫੜ੍ਹਿਆ ਜਾਂਦਾ ਹੈ ਤਾਂ ਇਨਕਮ ਟੈਕਸ ਵਿਭਾਗ ਉਸ ਬਾਰੇ ਪੁੱਛਗਿੱਛ ਅਤੇ ਜ਼ਬਤ ਕਰ ਸਕਦਾ ਹੈ।
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ