ਇਨਕਮ ਟੈਕਸ ਵਿਚ ਲੋਕਾਂ ਨੂੰ ਮਿਲ ਸਕਦੀ ਹੈ ਵੱਡੀ ਸੌਗਾਤ, ਇਹ ਹੋਣਗੇ ਸਲੈਬ!

01/19/2020 2:24:56 PM

ਨਵੀਂ ਦਿੱਲੀ— ਵਿੱਤੀ ਸਾਲ 2020-21 ਦੇ ਬਜਟ 'ਚ ਮਿਡਲ ਕਲਾਸ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਇਕਨੋਮਿਕ ਗ੍ਰੋਥ ਨੂੰ ਮੁੜ ਲੀਹ 'ਤੇ ਲਿਆ ਕੇ 2024-25 ਤੱਕ ਪੰਜ ਖਰਬ ਡਾਲਰ ਦੀ ਆਰਥਿਕਤਾ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਮਕਸਦ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ 2020-21 'ਚ ਇਨਕਮ ਟੈਕਸ 'ਚ ਵੱਡੀ ਰਾਹਤ ਦੇ ਸਕਦੀ ਹੈ। ਵਿੱਤੀ ਸਾਲ 2020-21 ਲਈ ਬਜਟ 1 ਫਰਵਰੀ ਨੂੰ ਪੇਸ਼ ਹੋਵੇਗਾ।


ਮੌਜੂਦਾ ਸੁਸਤ ਆਰਥਿਕਤਾ ਦੇ ਮੱਦੇਨਜ਼ਰ ਇਸ ਬਜਟ ਬਾਰੇ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਵਿੱਤ ਮੰਤਰੀ ਵੱਲੋਂ ਕਾਰਪੋਰੇਟ ਟੈਕਸ 'ਚ ਕਟੌਤੀ ਦੀ ਤਰਜ 'ਤੇ ਇਨਕਮ ਟੈਕਸ 'ਚ ਛੋਟ ਦੇ ਕੇ ਲੋਕਾਂ ਦੀ ਖਰੀਦ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 2.50 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦੇ ਪਹਿਲੇ ਸਲੈਬ 'ਚ ਟੈਕਸ ਦਰ 5 ਫੀਸਦੀ ਬਣੀ ਰਹਿ ਸਕਦੀ ਹੈ। ਹਾਲਾਂਕਿ, 5 ਲੱਖ ਰੁਪਏ ਤੋਂ 20 ਲੱਖ ਤੱਕ ਦੀ ਇਨਕਮ 'ਤੇ ਟੈਕਸ ਦਰ ਨੂੰ 20 ਤੋਂ ਘਟਾ ਕੇ 10 ਫੀਸਦੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ 10 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨੀ 'ਤੇ ਟੈਕਸ 30 ਫੀਸਦੀ ਤੋਂ ਘਟਾ ਕੇ 20 ਫੀਸਦੀ ਤੱਕ ਕੀਤਾ ਜਾ ਸਕਦਾ ਹੈ। ਉੱਥੇ ਹੀ, ਕੁਝ ਅਰਥਸ਼ਾਸਤਰੀਆਂ ਨੇ 25 ਲੱਖ ਰੁਪਏ ਤੋਂ 1 ਕਰੋੜ ਰੁਪਏ ਦੀ ਆਮਦਨ 'ਤੇ 25 ਫੀਸਦੀ ਟੈਕਸ ਰੱਖਣ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ 1 ਕਰੋੜ ਤੋਂ ਵੱਧ ਆਮਦਨੀ 'ਤੇ 30 ਫੀਸਦੀ ਟੈਕਸ ਲਗਾਇਆ ਜਾਣਾ ਚਾਹੀਦਾ ਹੈ ਕਿਉਂਕਿ ਇੰਨੀ ਆਮਦਨ ਵਾਲੇ ਲੋਕ ਵਧੇਰੇ ਟੈਕਸ ਅਦਾ ਕਰ ਸਕਦੇ ਹਨ। ਉਨ੍ਹਾਂ ਨੇ ਅਮੀਰਾਂ 'ਤੇ ਇਨਕਮ ਟੈਕਸ ਸਰਚਾਰਜ ਨੂੰ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜਿੰਨੀ ਜ਼ਿਆਦਾ ਉੱਚੀ ਦਰ ਨਾਲ ਸਰਕਾਰ ਟੈਕਸ ਵਸੂਲਦੀ ਹੈ, ਟੈਕਸ ਉਗਰਾਹੀ ਘੱਟ ਹੁੰਦੀ ਹੈ।


Related News