IT ਵਿਭਾਗ ਵੱਲੋਂ ਜੰਮੂ-ਕਸ਼ਮੀਰ 'ਚ ਹੋਟਲ ਕਾਰੋਬਾਰੀ ਤੇ ਜੌਹਰੀ ਦੇ ਛਾਪੇਮਾਰੀ

09/17/2020 8:54:02 PM

ਨਵੀਂ ਦਿੱਲੀ— ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਟੀ. ਬੀ. ਟੀ.) ਨੇ ਵੀਰਵਾਰ ਨੂੰ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਜੰਮੂ-ਕਸ਼ਮੀਰ ਦੇ ਇਕ ਨਾਮਵਰ ਹੋਟਲ ਕਾਰੋਬਾਰੀ ਅਤੇ ਇਕ ਜੌਹਰੀ ਦੇ ਕੰਪਲੈਕਸਾਂ 'ਤੇ ਕਥਿਤ ਟੈਕਸ ਚੋਰੀ ਨੂੰ ਲੈ ਕੇ ਛਾਪੇ ਮਾਰੇ ਹਨ। ਦੋਹਾਂ 'ਤੇ ਗੈਰ-ਕਾਨੂੰਨੀ ਨਿਵੇਸ਼ ਅਤੇ ਟੈਕਸ ਚੋਰੀ ਦਾ ਦੋਸ਼ ਹੈ। 

ਪਹਿਲੇ ਮਾਮਲੇ ਵਿਚ, ਵਿਭਾਗ ਨੇ ਹੋਟਲ ਕਾਰੋਬਾਰੀ 'ਤੇ ਛਾਪਾ ਮਾਰਿਆ। ਉਸ ਦੇ ਹੋਟਲ ਕੇਂਦਰ ਸ਼ਾਸਤ ਪ੍ਰਦੇਸ਼ ਸ਼੍ਰੀਨਗਰ, ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਵਰਗੇ ਸੈਲਾਨੀ ਸਥਾਨਾਂ 'ਤੇ ਚੱਲ ਰਹੇ ਹਨ। ਉਸ ਦਾ ਇਕ ਹੋਟਲ ਲੇਹ ਵਿਚ ਨਿਰਮਾਣ ਅਧੀਨ ਵੀ ਹੈ। ਸੀ. ਬੀ. ਡੀ. ਟੀ. ਨੇ ਹੋਟਲ ਮਾਲਕ ਦੀ ਪਛਾਣ ਦੱਸੇ ਬਿਨਾਂ ਇਕ ਬਿਆਨ ਵਿਚ ਕਿਹਾ,"ਛਾਪੇਮਾਰੀ ਦੌਰਾਨ ਵਿਭਾਗ ਨੂੰ ਜਾਲਸਾਜ਼ੀ ਦੇ ਸਬੂਤ ਦੇ ਤੌਰ 'ਤੇ ਕਈ ਦਸਤਾਵੇਜ਼ ਅਤੇ ਹੋਰ ਵਸਤੂਆਂ ਮਿਲੀਆਂ ਹਨ। ਇਨ੍ਹਾਂ ਵਿਚੋਂ ਗੈਰ-ਕਾਨੂੰਨੀ ਨਿਵੇਸ਼ ਤੇ ਅਚੱਲ ਸੰਪੱਤੀ, ਹੋਟਲ ਤੇ ਨਿਵਾਸ ਨਿਰਮਾਣ ਨਾਲ ਜੁੜੇ ਕਾਗਜ਼ਾਤ ਸ਼ਾਮਲ ਹਨ।" 

ਬਿਆਨ ਮੁਤਾਬਕ ਵਿਭਾਗ ਨੇ ਇਸ ਦੇ ਆਧਾਰ 'ਤੇ ਪਿਛਲੇ 6 ਵਿੱਤੀ ਸਾਲਾਂ ਵਿਚ ਹੋਟਲ ਤੇ ਗੈਰ-ਕਾਨੂੰਨੀ ਨਿਵੇਸ਼ ਸਣੇ ਲਗਭਗ 25 ਕਰੋੜ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਹੋਟਲ ਕਾਰੋਬਾਰੀ ਨੇ ਸਾਲ 2014-15 ਤੋਂ ਕਿਸੇ ਵੀ ਤਰ੍ਹਾਂ ਦੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ। ਸਾਰੇ ਨਿਵੇਸ਼ ਨਕਦ ਜਾਂ ਅਣਪਛਾਤੇ ਸਰੋਤਾਂ ਤੋਂ ਕੀਤੇ ਗਏ ਹਨ। ਕਾਰੋਬਾਰੀ ਦੇ ਬੱਚੇ ਅਮਰੀਕਾ ਵਿਚ ਪੜ੍ਹਦੇ ਹਨ, ਜਿਨ੍ਹਾਂ ਦਾ ਸਾਲਾਨਾ ਖਰਚ 25 ਲੱਖ ਰੁਪਏ ਦਾ ਹੈ। ਉਹ ਆਪਣੀ ਮਾਂ ਨਾਲ ਮਿਲ ਕੇ ਬੀ. ਐੱਡ. ਕਾਲਜ ਚਲਾ ਰਿਹਾ ਹੈ। 

ਵਿਭਾਗ ਨੇ ਇਕ ਹੋਰ ਮਾਮਲੇ ਵਿਚ ਸ਼੍ਰੀਨਗਰ ਦੇ ਇਕ ਜੌਹਰੀ ਦੀ ਜਾਇਦਾਦ 'ਤੇ ਵੀ ਛਾਪਾ ਮਾਰਿਆ। ਉਸ ਨੇ ਇਕ ਅਘੋਸ਼ਿਤ ਬੈਂਕ ਖਾਤੇ ਦਾ ਵੀ ਪਤਾ ਲੱਗਾ ਹੈ, ਜਿਸ ਵਿਚ ਜੌਹਰੀ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ ਪਰ ਇਸ ਨਾਲ ਜੁੜੇ ਟੈਕਸਾਂ ਦਾ ਭੁਗਤਾਨ ਨਹੀਂ ਕੀਤਾ। ਉਸ ਨੇ ਵਿੱਤ ਸਾਲ 2015-16 ਵਿਚ ਸ਼੍ਰੀਨਗਰ ਵਿਚ ਆਪਣੀ ਇਕ ਅਚੱਲ ਸੰਪੱਤੀ 1.90 ਕਰੋੜ ਵਿਚ ਵੇਚੀ ਸੀ ਪਰ ਪੂੰਜੀ ਲਾਭ ਟੈਕਸ ਦਾ ਭੁਗਤਾਨ ਨਹੀਂ ਕੀਤਾ। 201-20 ਵਿਚ ਲੀਜ਼ 'ਤੇ ਦਿੱਤੀ ਗਈ ਦੁਕਾਨ ਦੀ ਪੱਗੜੀ ਦੇ ਰੂਪ ਵਿਚ ਲਏ ਗਏ 16 ਲੱਖ ਰੁਪਏ ਦੀ ਰਸੀਦ ਵੀ ਮਿਲੀ ਹੈ।  ਜੌਹਰੀ ਦੀ ਪਤਨੀ ਨੇ ਦਿੱਲੀ ਵਿਚ ਆਪਣੇ ਇਕ ਫਲੈਟ ਨੂੰ ਵਿੱਤੀ ਸਾਲ 2019-20 ਵਿਚ 33 ਲੱਖ ਰੁਪਏ ਵਿਚ ਵੇਚਿਆ ਸੀ ਪਰ ਇਸ ਨਾਲ ਜੁੜੀ ਰਾਸ਼ੀ ਲਾਭ ਟੈਕਸ ਦਾ ਭੁਗਤਾਨ ਨਹੀਂ ਕੀਤਾ ਗਿਆ। ਜਾਇਦਾਦ ਨਾਲ ਜੁੜੇ ਸਰੋਤਾਂ ਬਾਰੇ ਜਾਣਕਾਰੀ ਸਪੱਸ਼ਟ ਨਹੀਂ ਕੀਤੀ ਗਈ। ਇਸ ਦੀ ਪੂਰੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੀ ਧੀ ਅਮਰੀਕਾ ਵਿਚ ਪੜ੍ਹਾਈ ਕਰ ਰਹੀ ਹੈ ਪਰ ਉਸ 'ਤੇ ਕਿੰਨਾ ਕੁ ਖਰਚ ਆ ਰਿਹਾ ਹੈ, ਅਜੇ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।


Sanjeev

Content Editor

Related News