ਇਨਕਮ ਟੈਕਸ ਦੇਣ ਵਾਲੇ ਦੁਕਾਨਦਾਰਾਂ ਨੂੰ ਨਹੀਂ ਮਿਲੇਗੀ 3000 ਰੁਪਏ ਵਾਲੀ ਪੈਨਸ਼ਨ

07/18/2019 1:16:50 AM

ਨਵੀਂ ਦਿੱਲੀ— ਇਨਕਮ ਟੈਕਸ ਦੇਣ ਵਾਲੇ ਦੁਕਾਨਦਾਰ ਸਰਕਾਰ ਵੱਲੋਂ ਹਾਲ ਹੀ ’ਚ ਐਲਾਨ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਹੋਣਗੇ। ਉਥੇ ਹੀ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਸਕੀਮ ਨਾਲ ਜੁਡ਼ੇ ਦੁਕਾਨਦਾਰ ਵੀ 3000 ਰੁਪਏ ਦੀ ਸਰਕਾਰੀ ਪੈਨਸ਼ਨ ਦੇ ਹੱਕਦਾਰ ਨਹੀਂ ਹੋਣਗੇ। ਵਣਜ ਅਤੇ ਉਦਯੋਗ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਸੰਸਦ ਨੂੰ ਦਿੱਤੀ। ਸਰਕਾਰ ਨੇ ਵਪਾਰੀਆਂ ਨੂੰ ਪੈਨਸ਼ਨ ਦੇਣ ਵਾਲੀ ਸਕੀਮ ਦਾ ਨਾਂ ਪ੍ਰਧਾਨ ਮੰਤਰੀ ਲਘੂ ਵਪਾਰੀ ਮਾਣਧਨ ਯੋਜਨਾ ਦਿੱਤਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 5 ਜੁਲਾਈ ਨੂੰ ਪੇਸ਼ ਬਜਟ ’ਚ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਯੋਜਨਾ ਦਾ ਐਲਾਨ ਕੀਤਾ ਸੀ। ਇਸ ਤਹਿਤ ਦੇਸ਼ ਦੇ 3 ਕਰੋਡ਼ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਅਜੇ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਪੈਨਸ਼ਨ ਯੋਜਨਾ ਦਾ ਲਾਭ ਉਨ੍ਹਾਂ ਦੁਕਾਨਦਾਰਾਂ ਨੂੰ ਹੀ ਮਿਲੇਗਾ, ਜਿਨ੍ਹਾਂ ਦੀ ਕਮਾਈ ਦਾ ਸਾਲਾਨਾ ਟਰਨਓਵਰ 1.5 ਲੱਖ ਰੁਪਏ ਹੈ ਪਰ ਅੱਜ ਮੰਤਰੀ ਵੱਲੋਂ ਸੰਸਦ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਨਕਮ ਟੈਕਸ ਦੇਣ ਵਾਲੇ ਦੁਕਾਨਦਾਰ ਇਸ ਪੈਨਸ਼ਨ ਲਈ ਖੁਦ ਨੂੰ ਰਜਿਸਟਰ ਨਹੀਂ ਕਰ ਸਕਣਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.), ਕਰਮਚਾਰੀ ਰਾਜ ਬੀਮਾ ਨਿਗਮ, ਰਾਸ਼ਟਰੀ ਪੈਨਸ਼ਨ ਸਕੀਮ, ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਣਧਨ ਨਾਲ ਜੁਡ਼ੇ ਦੁਕਾਨਦਾਰ ਵੀ ਸਰਕਾਰ ਦੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ।


Inder Prajapati

Content Editor

Related News