ਇੰਸਟਾਕਾਰਟ ਅਤੇ ਸਵਿਗੀ ’ਚ ਟੈਕਸ ਅਨਿਯਮਿਤਤਾਵਾਂ!

Friday, Jan 15, 2021 - 09:18 AM (IST)

ਇੰਸਟਾਕਾਰਟ ਅਤੇ ਸਵਿਗੀ ’ਚ ਟੈਕਸ ਅਨਿਯਮਿਤਤਾਵਾਂ!

ਨਵੀਂ ਦਿੱਲੀ– ਇਨਕਮ ਟੈਕਸ ਵਿਭਾਗ ਨੂੰ 950 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲੱਗਿਆ ਹੈ। ਵਿਭਾਗ ਮੁਤਾਬਕ ਵਾਲਮਾਰਟ ਕੰਟਰੋਲਡ ਫਲਿੱਪਕਾਰਟ ਸਮੂਹ ਦੀ ਇਕ ਕੰਪਨੀ ਅਤੇ ਫੂਡ ਡਿਲਿਵਰੀ ਕਰਨ ਵਾਲੀ ਸਟਾਰਟਅਪ ਸਵਿਗੀ ਦੀ ਜਾਂਚ ’ਚ ਟੈਕਸ ਨਾਲ ਜੁੜੀਆਂ ‘ਅਨਿਯਮਿਤਤਾਵਾਂ’ ਦਾ ਪਤਾ ਲੱਗਿਆ ਹੈ। ਇਨਕਮ ਟੈਕਸ ਵਿਭਾਗ ਨੂੰ ਸ਼ੁਰੂਆਤੀ ਜਾਂਚ ’ਚ ਇਨ੍ਹਾਂ ਕੰਪਨੀਆਂ ਵਲੋਂ ਟੈਕਸ ਲੁਕਾਏ ਜਾਣ ਦਾ ਖਦਸ਼ਾ ਹੈ। ਪਿਛਲੇ ਹਫਤੇ ਸਵਿਗੀ ਅਤੇ ਇੰਸਟਾਕਾਰਟ ਦੇ ਦਫਤਰ ’ਚ ਪੜਤਾਲ ਮੁਹਿੰਮ ਤੋਂ ਬਾਅਦ ਜਾਂਚ ਸ਼ੁਰੂ ਹੋਈ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਟੈਕਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਕੰਪਨੀਆਂ ਦੀ ਹੋਈ ਪੜਤਾਲ ’ਚ ਅਜਿਹੇ ਦਸਤਾਵੇਜ ਮਿਲੇ ਹਨ, ਜਿਨ੍ਹਾਂ ਤੋਂ ਟੀ. ਡੀ. ਐੱਸ. ਸਮੇਤ ਦੂਜੀ ਤਰ੍ਹਾਂ ਦੀਆਂ ਟੈਕਸ ਅਨਿਯਮਿਤਤਾਵਾਂ ਦਾ ਪਤਾ ਲੱਗਾ ਹੈ। 650 ਕਰੋੜ ਰੁਪਏ ਦਾ ਟੈਕਸ ਫਲਿੱਪਕਾਰਟ ਦੀ ਕੰਪਨੀ ਨਾਲ ਜੁੜਿਆ ਹੈ ਜਦੋਂ ਕਿ ਬਾਕੀ ਰਕਮ ਸਵਿਗੀ ਨਾਲ ਜੁੜੀ ਹੈ।

ਨਾਜਾਇਜ਼ ਇਨਪੁਟ ਟੈਕਸ ਕ੍ਰੈਡਿਟ ਦੇ ਮਾਮਲੇ ’ਚ ਇਨ੍ਹਾਂ ਦੋਹਾਂ ਕੰਪਨੀਆਂ ’ਤੇ ਕੀਤੇ ਗਏ ਸਰਵੇਖਣ
ਅਧਿਕਾਰੀ ਮੁਤਾਬਕ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਤਹਿਤ ਕਥਿਤ ਤੌਰ ’ਤੇ ਨਾਜਾਇਜ਼ ਇਨਪੁੱਟ ਟੈਕਸ ਕ੍ਰੈਡਿਟ ਦੇ ਮਾਮਲੇ ’ਚ ਇਨ੍ਹਾਂ ਦੋਹਾਂ ਕੰਪਨੀਆਂ ’ਤੇ ਸਰਵੇਖਣ ਕੀਤੇ ਗਏ ਸਨ ਪਰ ਇਸ ਕਾਰਵਾਈ ਦੌਰਾਨ ਟੈਕਸ ਨਾਲ ਜੁੜੀਆਂ ਕਈ ਦੂਜੀਆਂ ਅਨਿਯਮਿਤਤਾਵਾਂ ਵੀ ਸਾਹਮਣੇ ਆਈਆਂ ਹਨ। ਇਸ ਮਾਮਲੇ ’ਚ ਜਾਂਚ ਤੋਂ ਬਾਅਦ ਸਾਰੇ ਦਸਤਾਵੇਜ ਦੀ ਜਾਂਚ ਤੋਂ ਬਾਅਦ ਅੰਤਿਮ ਰਿਪੋਰਟ ਇਸ ਮਹੀਨੇ ਦੇ ਅਖੀਰ ਤੱਕ ਡਾਇਰੈਕਟ ਟੈਕਸ ਬੋਰਡ ਨੂੰ ਭੇਜੀ ਜਾਏਗੀ।

ਟੈਕਸ ਅਧਿਕਾਰੀਆਂ ਦੇ ਨਿਰਦੇਸ਼ ਮੁਤਾਬਕ ਸਾਰੇ ਦਸਤਾਵੇਜ ਮੁਹੱਈਆ ਕਰਵਾਏ : ਫਲਿੱਪਕਾਰਟ
ਇਸ ਮਾਮਲੇ ’ਤੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਟੈਕਸ ਅਧਿਕਾਰੀਆਂ ਤੋਂ ਸਾਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੜਤਾਲ ਦੌਰਾਨ ਅਸੀਂ ਪੂਰਾ ਸਹਿਯੋਗ ਦਿੱਤਾ ਅਤੇ ਟੈਕਸ ਅਧਿਕਾਰੀਆਂ ਦੇ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਨੂੰ ਸਾਰੇ ਦਸਤਾਵੇਜ ਮੁਹੱਈਆ ਕਰਵਾਏ ਹਨ। ਸਾਡੇ ਸੀਨੀਅਰ ਅਧਿਕਾਰੀ ਲੋੜ ਪੈਣ ’ਤੇ ਟੈਕਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ ਹਨ ਅਤੇ ਸਾਰੇ ਤਰ੍ਹਾਂ ਦੀਆਂ ਸੂਚਨਾਵਾਂ ਅਤੇ ਜ਼ਰੂਰੀ ਸਪੱਸ਼ਟੀਕਰਣ ਦਿੱਤੇ ਹਨ। ਟੈਕਸ ਅਧਿਕਾਰੀਆਂ ਤੋਂ ਸਾਨੂੰ ਜਦੋਂ ਵੀ ਕੋਈ ਨਿਰਦੇਸ਼ ਮਿਲਦਾ ਹੈ ਤਾਂ ਅਸੀਂ ਉਸ ਦੇ ਮੁਤਾਬਕ ਸਹਿਯੋਗ ਲਈ ਤਿਆਰ ਰਹਾਂਗੇ।

ਸਾਰੇ ਦੋਸ਼ ਬੇਬੁਨਿਆਦ : ਸਵਿਗੀ
ਸਵਿਗੀ ਦੇ ਬੁਲਾਰੇ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਟੈਕਸ ਲੁਕਾਉਣ ਦੀ ਗੱਲ ਤੋਂ ਇਨਕਾਰ ਕੀਤਾ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ’ਚ ਇਨਕਮ ਟੈਕਸ ਵਿਭਾਗ ਤੋਂ ਕਿਸੇ ਤਰ੍ਹਾਂ ਦਾ ਰਾਬਤਾ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਵਿਗੀ ਕਾਨੂੰਨਾਂ ਦੀ ਹਮੇਸ਼ਾ ਪਾਲਣਾ ਕਰਦੀ ਹੈ ਅਤੇ ਸਾਰੇ ਤਰ੍ਹਾਂ ਦੇ ਟੈਕਸਾਂ ਦਾ ਭੁਗਤਾਨ ਸਮੇਂ ਸਿਰ ਕੀਤਾ ਹੈ। ਹਾਲ ਹੀ ’ਚ ਹੋਈ ਪੜਤਾਲ ’ਚ ਅਸੀਂ ਇਨਕਮ ਟੈਕਸ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਹੈ। ਜੇ ਉਨ੍ਹਾਂ ਦੇ ਕੋਲ ਕੋਈ ਹੋਰ ਸਵਾਲ ਹੈ ਤਾਂ ਉਨ੍ਹਾਂ ਦਾ ਜਵਾਬ ਦੇਣ ਲਈ ਅਸੀਂ ਤਿਆਰ ਹਾਂ।


author

cherry

Content Editor

Related News