ਦੇਸ਼ ਦੇ ਹਸਪਤਾਲਾਂ ਦੀਆਂ 'ਧੁੰਮਾਂ' ਵਿਦੇਸ਼ਾਂ 'ਚ ਵੀ, ਇਲਾਜ ਦੇ ਮਾਮਲੇ 'ਚ 137 ਦੇਸ਼ਾਂ ਤੋਂ ਵੀ ਪਿੱਛੇ

Monday, Sep 10, 2018 - 03:12 PM (IST)

ਦੇਸ਼ ਦੇ ਹਸਪਤਾਲਾਂ ਦੀਆਂ 'ਧੁੰਮਾਂ' ਵਿਦੇਸ਼ਾਂ 'ਚ ਵੀ, ਇਲਾਜ ਦੇ ਮਾਮਲੇ 'ਚ 137 ਦੇਸ਼ਾਂ ਤੋਂ ਵੀ ਪਿੱਛੇ

ਨਵੀਂ ਦਿੱਲੀ — ਭਾਰਤ ਦੇਸ਼ ਦੇ ਹਸਪਤਾਲਾਂ ਦੇ ਕਾਰਨਾਮੇ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹਿੰਦੇ ਹਨ। ਫਿਰ ਭਾਵੇਂ ਉਹ ਸਰਕਾਰੀ ਹਸਪਤਾਲ ਹੋਣ ਜਾਂ ਪ੍ਰਾਈਵੇਟ, ਕਦੇ ਮਰੀਜ਼ ਦੇ ਇਲਾਜ ਨੂੰ ਲੈ ਕੇ ਲਾਪਰਵਾਹੀ ਅਤੇ ਕਦੇ ਲੱਖਾਂ 'ਚ ਇਲਾਜ ਦਾ ਬਿੱਲ ਬਣਾਉਣ ਨੂੰ ਲੈ ਕੇ ਦੇਸ਼ ਦੇ ਹਸਪਤਾਲ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।
ਭਾਰਤ 'ਚ ਵਧੀਆ ਇਲਾਜ ਮਿਲਣਾ ਅਜੇ ਵੀ ਵੱਡੀ ਸਮੱਸਿਆ ਹੈ। ਇਸ ਕਾਰਨ ਦੇਸ਼ 'ਚ ਹਰ ਸਾਲ ਲੱਖਾਂ ਮਾਸੂਮ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਦਾ ਖੁਲਾਸਾ ਮੈਡੀਕਲ ਜਰਨਲ ਲੈਂਸੇਟ 'ਚ ਜਾਰੀ ਰਿਪੋਰਟ ਵਿਚ ਕੀਤਾ ਗਿਆ ਹੈ। ਘੱਟ ਅਤੇ ਦਰਮਿਆਨੀ ਆਮਦਨ ਵਾਲੇ 137 ਦੇਸ਼ਾਂ 'ਤੇ ਕੀਤੇ ਗਏ ਸਰਵੇਖਣ ਮੁਤਾਬਕ ਬਿਹਤਰ ਇਲਾਜ ਅਤੇ ਵਧੀਆਂ ਸਿਹਤ ਸੇਵਾਵਾਂ ਦੇਣ ਦੇ ਮਾਮਲੇ 'ਚ ਭਾਰਤ ਸਭ ਤੋਂ ਪਿੱਛੇ ਹੈ।

ਇਲਾਜ ਨਾ ਮਿਲਣ ਨਾਲੋਂ ਗਲਤ ਇਲਾਜ ਕਾਰਨ ਜ਼ਿਆਦਾ ਮੌਤਾਂ

ਵਧੀਆ ਇਲਾਜ ਅਤੇ ਚੰਗੀਆਂ ਸਿਹਤ ਸਹੂਲਤਾਂ ਦੀ ਕਮੀ ਕਾਰਨ ਦੇਸ਼ ਵਿਚ ਜਿੰਨੇ ਲੋਕਾਂ ਦੀ ਮੌਤ ਹੁੰਦੀ ਹੈ ਉਸ ਤੋਂ ਜ਼ਿਆਦਾ ਲੋਕ ਤਾਂ ਗਲਤ(ਖਰਾਬ) ਇਲਾਜ ਮਿਲਣ ਕਾਰਨ ਮੌਤ ਦੀ ਭੇਂਟ ਚੜ੍ਹ ਜਾਂਦੇ ਹਨ। ਰਿਪੋਰਟ ਅਨੁਸਾਰ ਦੇਸ਼ ਵਿਚ ਖਰਾਬ ਇਲਾਜ ਕਾਰਨ ਹਰ ਸਾਲ ਕਰੀਬ 24 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੋ ਸਾਲ ਪਹਿਲਾਂ ਭਾਵ 2016 'ਚ ਇਹ ਅੰਕੜਾ 16 ਲੱਖ ਸੀ। ਇਸ ਦੌਰਾਨ ਇਲਾਜ ਨਾ ਮਿਲਣ ਕਾਰਨ ਇਸ ਤੋਂ ਕਰੀਬ ਅੱਧੇ ਲੋਕ ਯਾਨੀ 8.38 ਲੱਖ ਲੋਕਾਂ ਦੀ ਮੌਤ ਹੋਈ ਸੀ। 

ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਦੀ ਸਥਿਤੀ ਚਿੰਤਾਯੋਗ

ਬਿਹਤਰ ਇਲਾਜ ਅਤੇ ਸਿਹਤ ਸੇਵਾਵਾਂ ਦੇਣ ਦੇ ਮਾਮਲੇ 'ਚ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ ਸਭ ਤੋਂ ਪਿੱਛੇ ਹਨ। ਇਸ ਕਾਰਨ ਇਨ੍ਹਾਂ ਦੇਸ਼ਾਂ ਦੇ ਲੋਕ ਵਧੀਆ ਇਲਾਜ ਨਾ ਮਿਲਣ ਕਾਰਨ ਮਰ ਜਾਂਦੇ ਹਨ। ਇਨ੍ਹਾਂ ਵਿਚੋਂ 50 ਲੱਖ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਨਹੀਂ ਮਿਲਦੀਆਂ ਅਤੇ 36 ਲੱਖ ਲੋਕਾਂ ਨੂੰ ਇਲਾਜ ਹੀ ਨਹੀਂ ਮਿਲਦਾ ।

ਇਲਾਜ ਲਈ ਨੇਪਾਲ ਅਤੇ ਬੰਗਲਾਦੇਸ਼ ਭਾਰਤ ਤੋਂ ਅੱਗੇ

ਮਰੀਜਾਂ ਨੂੰ ਬਿਹਤਰ ਇਲਾਜ ਅਤੇ ਸਿਹਤ ਸੇਵਾਵਾਂ ਦੇਣ ਦੇ ਮਾਮਲੇ 'ਚ ਭਾਰਤ ਨੇਪਾਲ ਅਤੇ ਬੰਗਲਾਦੇਸ਼ ਤੋਂ ਵੀ ਪਿੱਛੇ ਹੈ। ਦੇਸ਼ ਵਿਚ ਹਰ ਸਾਲ ਵਧੀਆ ਇਲਾਜ ਨਾ ਮਿਲਣ ਦੀ ਸਥਿਤੀ ਵਿਚ ਪ੍ਰਤੀ ਇਕ ਲੱਖ ਲੋਕਾਂ ਵਿਚੋਂ 122 ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਦੋਂਕਿ ਚੀਨ 'ਚ ਇਹ ਅੰਕੜਾ 46 ਹੈ। ਦੂਜੇ ਪਾਸੇ ਸ਼੍ਰੀਲੰਕਾ 'ਚ ਪ੍ਰਤੀ ਇਕ ਲੱਖ 51, ਬੰਗਲਾਦੇਸ਼ ਵਿਚ 57, ਨੇਪਾਲ ਵਿਚ 93 ਅਤੇ ਪਾਕਿਸਤਾਨ ਵਿਚ 119 ਲੋਕਾਂ ਦੀ ਮੌਤ ਹੋ ਜਾਂਦੀ ਹੈ।


Related News