ਪਾਕਿਸਤਾਨ ਆਟੋਮੋਬਾਇਲ ਖੇਤਰ ਬੁਰੀ ਤਰ੍ਹਾਂ ਮੰਦੀ ਦੀ ਗ੍ਰਿਫਤ ’ਚ, ਵਿਕਰੀ 44 ਫੀਸਦੀ ਡਿੱਗੀ

Wednesday, Dec 11, 2019 - 07:17 PM (IST)

ਪਾਕਿਸਤਾਨ ਆਟੋਮੋਬਾਇਲ ਖੇਤਰ ਬੁਰੀ ਤਰ੍ਹਾਂ ਮੰਦੀ ਦੀ ਗ੍ਰਿਫਤ ’ਚ, ਵਿਕਰੀ 44 ਫੀਸਦੀ ਡਿੱਗੀ

ਕਰਾਚੀ(ਯੂ. ਐੱਨ. ਅਾਈ.)-ਪਾਕਿਸਤਾਨ ਦਾ ਆਟੋਮੋਬਾਇਲ ਖੇਤਰ ਬੁਰੀ ਤਰ੍ਹਾਂ ਮੰਦੀ ਦੀ ਗ੍ਰਿਫਤ ’ਚ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ (ਜੁਲਾਈ ਤੋਂ ਨਵੰਬਰ) ਦੌਰਾਨ ਯਾਤਰੀ ਕਾਰਾਂ ਦੀ ਵਿਕਰੀ 44 ਫੀਸਦੀ ਦੀ ਵੱਡੀ ਗਿਰਾਵਟ ਤੋਂ ਬਾਅਦ 49,110 ਇਕਾਈ ਰਹਿ ਗਈ ਹੈ। ਵੈਗਨ ਆਰ, ਬਲੈਨੋ, ਟੋਇਟਾ ਕੋਰੋਲਾ ਅਤੇ ਹੋਂਡਾ ਸਿਵਿਕ-ਸਿਟੀ ਯਾਤਰੀ ਕਾਰਾਂ ਦੀ ਵਿਕਰੀ ’ਚ 35 ਤੋਂ 75 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਡਾਨ ਨਿਊਜ਼ ਅਨੁਸਾਰ ਮਿੱਲਤ ਟਰੈਕਟਰਜ਼ ਲਿਮਟਿਡ (ਐੱਮ. ਟੀ. ਐੱਲ.) ਜੋ ਮੈਸੇ ਫਰਗਿਊਸਨ ਟਰੈਕਟਰ ਨੂੰ ਅਸੈਂਬਲ ਕਰਦਾ ਹੈ, ਨੇ ਮੰਗਲਵਾਰ ਨੂੰ ਪਾਕਿਸਤਾਨ ਸਟਾਕ ਐਕਸਚੇਂਜ (ਪੀ . ਐੱਸ. ਐੱਕਸ.) ਨੂੰ ਦੱਸਿਆ ਕਿ ਕੰਪਨੀ 11 ਦਸੰਬਰ ਤੋਂ 3 ਜਨਵਰੀ ਤੱਕ ਉਤਪਾਦਨ ਬੰਦ ਰੱਖੇਗੀ। ਕੰਪਨੀ ਨੇ ਕਿਹਾ ਹੈ ਕਿ ਉਤਪਾਦਨ 6 ਜਨਵਰੀ ਤੋਂ ਫਿਰ ਸ਼ੁਰੂ ਕੀਤਾ ਜਾਵੇਗਾ। ਮਿੱਲਤ ਨੇ ਇਹ ਫੈਸਲਾ ਟਰੈਕਟਰਾਂ ਦੀ ਵਿਕਰੀ ’ਚ ਜੁਲਾਈ-ਨਵੰਬਰ ਦੇ 5 ਮਹੀਨਿਆਂ ਦੌਰਾਨ ਵਿਕਰੀ 48 ਫੀਸਦੀ ਘਟ ਕੇ 8223 ਇਕਾਈ ਰਹਿ ਜਾਣ ਦੇ ਮੱਦੇਨਜ਼ਰ ਕੀਤਾ ਹੈ।

ਮਿੱਲਤ ਦੇ ਲਾਹੌਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੇ ਨਵੰਬਰ ਮਹੀਨੇ ਦੌਰਾਨ ਹਰ ਹਫਤੇ ’ਚ ਗੈਰ-ਉਤਪਾਦਨ ਦਿਨ ਰੱਖਿਆ ਪਰ ਬੁਕਿੰਗ ਆਰਡਰ ’ਚ ਕਮੀ ਨੂੰ ਵੇਖਦੇ ਹੋਏ ਹੁਣ ਅਗਲੇ 20 ਦਿਨ ਤੱਕ ਉਤਪਾਦਨ ਪੂਰੀ ਤਰ੍ਹਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ’ਚ ਕੰਪਨੀ ਕੋਲ 3000 ਤੋਂ ਜ਼ਿਆਦਾ ਟਰੈਕਟਰਾਂ ਦਾ ਸਟਾਕ ਹੈ। ਉਨ੍ਹਾਂ ਕਿਹਾ,‘‘ਅਸੀਂ ਆਪਣੇ ਰੈਗੂਲਰ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਮਜਬੂਰਨ ਛੁੱਟੀ ’ਤੇ ਵੀ ਭੇਜਿਆ ਹੈ।’’


author

Karan Kumar

Content Editor

Related News