ਉੱਭਰਦੇ ਸ਼ਹਿਰਾਂ ''ਚ ਪਲਾਵਾ ਸਿਟੀ, ਨਵੀ ਮੁੰਬਈ, ਮੋਹਾਲੀ ਚੋਟੀ ''ਤੇ
Wednesday, Sep 27, 2017 - 12:09 AM (IST)

ਨਵੀਂ ਦਿੱਲੀ-ਦੇਸ਼ 'ਚ ਮਹਾਰਾਸ਼ਟਰ ਦੇ ਪਲਾਵਾ ਸਿਟੀ ਅਤੇ ਨਵੀ ਮੁੰਬਈ ਰਹਿਣ ਦੇ ਲਿਹਾਜ਼ ਨਾਲ ਉੱਭਰਦੇ ਸ਼ਹਿਰਾਂ ਦੀ ਸੂਚੀ 'ਚ ਚੋਟੀ 'ਤੇ ਹਨ। ਜ਼ਮੀਨ-ਜਾਇਦਾਦ ਬਾਰੇ ਸਲਾਹ ਦੇਣ ਵਾਲੀ ਜੇ. ਐੱਲ. ਐੱਲ. ਇੰਡੀਆ ਨੇ ਇਕ ਅਧਿਐਨ 'ਚ ਇਹ ਕਿਹਾ ਹੈ। ਜੇ. ਐੱਲ. ਐੱਲ. ਨੇ 'ਲਿਵੇਬਿਲਟੀ ਕੁਓਸ਼ੇਂਟ-ਏ ਪਾਰਾਡਿਗਮ ਸ਼ਿਫਟ ਇਨ ਇੰਡੀਆਜ਼ ਅਮਰਜਿੰਗ ਸਿਟੀਜ਼' ਸਿਰਲੇਖ ਨਾਲ ਜਾਰੀ ਆਪਣੀ ਰਿਪੋਰਟ 'ਚ ਨਿੱਜੀ ਕੰਪਨੀਆਂ ਦੇ ਵੱਡੇ ਟਾਊਨਸ਼ਿਪ ਸਮੇਤ 10 ਉੱਭਰਦੇ ਸ਼ਹਿਰਾਂ ਦਾ ਮੁਲਾਂਕਣ ਕੀਤਾ। ਇਨ੍ਹਾਂ 'ਚ ਸ਼ਹਿਰ 'ਚ ਪ੍ਰਸ਼ਾਸਨ, ਟਿਕਾਊ ਵਿਵਸਥਾ ਅਤੇ ਕੁਲ ਮਿਲਾ ਕੇ ਰਹਿਣਯੋਗ ਸਥਿਤੀ ਸ਼ਾਮਲ ਹਨ। ਪੰਜਾਬ 'ਚ ਮੋਹਾਲੀ ਅਤੇ ਚੇਨਈ 'ਚ ਮਹਿੰਦਰਾ ਵਰਲਡ ਸਿਟੀ ਟਾਊਨਸ਼ਿਪ ਕ੍ਰਮਵਾਰ ਤੀਸਰੇ ਅਤੇ ਚੌਥੇ ਸਥਾਨ 'ਤੇ ਹਨ। ਪੁਣੇ 'ਚ ਪਿੰਪਰੀ ਚਿੰਚਵੜ 5ਵੇਂ ਸਥਾਨ 'ਤੇ ਹੈ। ਉਸ ਤੋਂ ਬਾਅਦ ਕ੍ਰਮਵਾਰ ਰਾਜਰਹਾਟ (ਕੋਲਕਾਤਾ), ਟੈਕਨੋਪਾਰਕ (ਤ੍ਰਿਵੇਂਦਰਮ), ਮਾਗਰਪੱਟਾ ਸਿਟੀ (ਪੁਣੇ), ਗ੍ਰੇਟਰ ਨੋਇਡਾ ਅਤੇ ਮਾਨੇਸਰ ਦਾ ਸਥਾਨ ਹੈ।
ਇਨ੍ਹਾਂ 10 ਸ਼ਹਿਰਾਂ ਦੀ ਸੂਚੀ 10 ਮਾਪਦੰਡਾਂ ਯੋਜਨਾਬੰਦੀ, ਸੰਪਰਕ, ਜਨਤਕ ਉਪਯੋਗਤਾ ਸੇਵਾਵਾਂ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ, ਮਨੋਰੰਜਨ, ਸਮਾਰਟ ਸ਼ਾਸਨ, ਸੁਰੱਖਿਆ, ਰੋਜ਼ਗਾਰ ਤੱਕ ਪਹੁੰਚ, ਵਾਤਾਵਰਣ ਅਤੇ ਮਜ਼ਬੂਤ ਵਿਵਸਥਾ, ਰੀਅਲ ਅਸਟੇਟ ਦਾ ਪ੍ਰਦਰਸ਼ਨ ਅਤੇ ਭਵਿੱਖ 'ਚ ਵਿਸਥਾਰ ਸਿਨੇਰਿਓ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ।
ਜੇ. ਐੱਲ. ਐੱਲ. ਇੰਡੀਆ ਦੇ ਸੀ. ਈ. ਓ. ਅਤੇ ਖੇਤਰੀ ਪ੍ਰਮੁੱਖ ਰਮੇਸ਼ ਨਾਇਰ ਨੇ ਕਿਹਾ, ''ਇੰਟੀਗ੍ਰੇਟਿਡ ਟਾਊਨਸ਼ਿਪ ਮਾਡਲ 'ਚ ਤੇਜ਼ੀ ਨਾਲ ਵਿਕਾਸ ਨੂੰ ਵੇਖਦਿਆਂ ਸ਼ਹਿਰਾਂ ਦੀ ਤੁਲਣਾ ਕਰਨ ਵੇਲੇ ਨਿੱਜੀ ਰੂਪ ਨਾਲ ਪ੍ਰਬੰਧਿਤ ਸ਼ਹਿਰਾਂ ਨੂੰ ਸ਼ਾਮਿਲ ਕਰਨ ਦਾ ਫਰਜ਼ ਬਣਦਾ ਹੈ।'' ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਸਰਕਾਰ ਸਮਾਰਟ ਸਿਟੀ ਦੇ ਵਿਕਾਸ 'ਤੇ ਜ਼ੋਰ ਦੇ ਰਹੀ ਹੈ, ਰੋਜ਼ਾਨਾ ਪ੍ਰਸ਼ਾਸਨ 'ਚ ਨਿਜੀ ਕੰਪਨੀਆਂ ਦੀ ਭੂਮਿਕਾ ਵਧੇਗੀ। ਅਜਿਹੇ 'ਚ ਭਵਿੱਖ ਦੇ ਸ਼ਹਿਰਾਂ ਦੇ ਅਨੁਸ਼ਾਸਕਾਂ 'ਚ ਨਿਜੀ ਕੰਪਨੀਆਂ ਦੀ ਭੂਮਿਕਾ 'ਤੇ ਗੌਰ ਕਰਨਾ ਮਹੱਤਵਪੂਰਣ ਹੈ।