ਰਾਜ਼ੀਨਾਮੇ ਲਈ ਆਈਆਂ ਦੋ ਧਿਰਾਂ ’ਚ ਚੱਲੀਆਂ ਗੋਲੀਆਂ

Thursday, Apr 02, 2026 - 01:30 PM (IST)

ਰਾਜ਼ੀਨਾਮੇ ਲਈ ਆਈਆਂ ਦੋ ਧਿਰਾਂ ’ਚ ਚੱਲੀਆਂ ਗੋਲੀਆਂ

ਮੋਹਾਲੀ (ਜੱਸੀ) : ਮੋਹਾਲੀ ਵਿਚਲੇ ਪਿੰਡ ਭਾਗੋਮਾਜਰਾ ਦੀ ਕਬੱਡੀ ਗਰਾਊਂਡ ’ਚ ਬੁੱਧਵਾਰ ਨੂੰ ਦੋ ਧਿਰਾਂ ਨੇ ਇਕ-ਦੂਜੇ ਨੂੰ ਬੁਲਾਇਆ ਅਤੇ ਆਪਸ ’ਚ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਲੜ ਪਏ। ਇਸ ਦੌਰਾਨ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਜਦੋਂ ਫਾਇਰਿੰਗ ਕੀਤੀ ਗਈ ਤਾਂ ਇੱਕ ਨੌਜਵਾਨ ਦੀ ਬਾਂਹ ’ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਜ਼ਖਮੀ ਦੀ ਪਛਾਣ ਰਿਸ਼ਭ ਵਾਸੀ ਯਮੁਨਾ ਨਗਰ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਰੀਬ 3-4 ਦਿਨ ਪਹਿਲਾਂ ਕਿਸੇ ਯਾਰ ਦੋਸਤ ਦੇ ਜਨਮਦਿਨ ’ਤੇ ਸਾਰੇ ਇਕੱਠੇ ਹੋਏ ਸਨ। ਪਾਰਟੀ ’ਚ ਇਕ ਮਹਿਲਾ ਦੋਸਤ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਕੁੱਝ ਨੌਜਵਾਨਾ ਨੇ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਕਰਵਾਉਣ ਲਈ ਬੁੱਧਵਾਰ ਸ਼ਾਮ ਨੂੰ ਪਿੰਡ ਭਾਗੋਮਾਜਰਾ ਦੇ ਕਬੱਡੀ ਗਰਾਊਂਡ ’ਚ ਇਕੱਠੇ ਹੋਣ ਲਈ ਬੁਲਾਇਆ।

ਇਸ ਦੌਰਾਨ ਦੋਹਾਂ ਧਿਰਾਂ ’ਚ ਗੱਲਬਾਤ ਚੱਲ ਰਹੀ ਸੀ ਕਿ ਗੱਲਬਾਤ ਤਲਖੀ ’ਚ ਬਦਲ ਗਈ ਤੇ ਦੋਵੇਂ ਧਿਰਾਂ ਵਿਚਕਾਰ ਲੜਾਈ-ਝਗੜਾ ਸ਼ੁਰੂ ਹੋ ਗਿਆ। ਲੜਾਈ ’ਚ ਇਕ ਧਿਰ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਤੇ ਸਨੇਟਾ ਪੁਲਸ ਚੌਂਕੀ ਦੇ ਇੰਚਾਰਜ ਬਰਮਾ ਸਿੰਘ ਨੇ ਪੁਲਸ ਪਾਰਟੀ ਘਟਨਾ ਵਾਲੀ ਜਗ੍ਹਾ ’ਤੇ ਜਾਇਜ਼ਾ ਲਿਆ। ਇਸ ਦੌਰਾਨ ਜ਼ਖ਼ਮੀ ਨੂੰ ਸੋਹਾਣਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ।

ਇਸ ਸਬੰਧੀ ਚੌਂਕੀ ਇੰਚਾਰਜ ਬਰਮਾ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਵਾਰਦਾਤ ’ਚ ਸਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀ ਖ਼ਤਰੇ ਤੋਂ ਬਾਹਰ ਹੈ। ਦੂਜੀ ਧਿਰ ਦੇ ਵਿਅਕਤੀਆਂ ਦੇ ਵੀ ਜ਼ਖ਼ਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਪਰ ਹਾਲੇ ਉਹ ਕਿਸ ਹਸਪਤਾਲ ’ਚ ਦਾਖ਼ਲ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੂਜੀ ਧਿਰ ਦੇ ਨੌਜਵਾਨ ਵੀ ਹਰਿਆਣਾ ਦੇ ਹੀ ਰਹਿਣ ਵਾਲੇ ਹਨ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


author

Babita

Content Editor

Related News