ਬਰਾਂਡਿਡ ਕੱਪੜੇ ਹੋਣਗੇ ਮਹਿੰਗੇ, 300 ਪ੍ਰਾਡਕਟਸ ''ਤੇ ਵਧੇਗੀ ਦਰਾਮਦ ਡਿਊਟੀ
Monday, Aug 06, 2018 - 08:41 AM (IST)

ਨਵੀਂ ਦਿੱਲੀ— ਸਰਕਾਰ ਤਕਰੀਬਨ 300 ਟੈਕਸਟਾਈਲ ਪ੍ਰਾਡਕਟਸ 'ਤੇ ਦਰਾਮਦ ਡਿਊਟੀ ਵਧਾਉਣ ਜਾ ਰਹੀ ਹੈ। ਇਨ੍ਹਾਂ 'ਚ ਫਾਈਬਰ ਅਤੇ ਫੈਬਰਿਕ ਦੇ ਨਾਲ ਰੈਡੀਮੇਡ ਕੱਪੜੇ ਵੀ ਸ਼ਾਮਲ ਹਨ। ਸੂਤਰਾਂ ਮੁਤਾਬਕ ਇਨ੍ਹਾਂ 'ਤੇ ਦਰਾਮਦ ਡਿਊਟੀ ਵਧਾ ਕੇ 20 ਫੀਸਦੀ ਕੀਤੀ ਜਾ ਸਕਦੀ ਹੈ, ਜੋ ਮੌਜੂਦਾ ਸਮੇਂ 5-10 ਫੀਸਦੀ ਹੈ। ਦਰਾਮਦ ਕੱਪੜਾ 10 ਫੀਸਦੀ ਡਿਊਟੀ ਨਾਲ 5,000 ਰੁਪਏ ਦਾ ਹੈ ਅਤੇ ਜੇਕਰ ਡਿਊਟੀ ਵਧ ਕੇ 20 ਫੀਸਦੀ ਹੋ ਜਾਂਦੀ ਹੈ ਤਾਂ ਕੀਮਤ 5,400 ਰੁਪਏ ਹੋ ਜਾਵੇਗੀ। ਬਸ਼ਰਤੇ ਕਿ ਬਾਕੀ ਟੈਕਸ ਨਾ ਬਦਲਣ। ਸਰਕਾਰ ਨੇ ਜੁਲਾਈ 'ਚ ਵੀ ਤਕਰੀਬਨ 50 ਟੈਕਸਟਾਈਲ ਪ੍ਰਾਡਕਟਸ 'ਤੇ ਦਰਾਮਦ ਡਿਊਟੀ ਵਧਾਈ ਸੀ। ਇਨ੍ਹਾਂ 'ਚ ਕੋਟ, ਪੈਂਟ, ਜੈਕਟ, ਲੇਡੀਜ਼ ਕੱਪੜੇ ਅਤੇ ਕਾਰਪੇਟ ਵੀ ਸ਼ਾਮਲ ਸਨ। ਇਨ੍ਹਾਂ 'ਚ ਜ਼ਿਆਦਾਤਰ 'ਤੇ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਗਈ ਸੀ।
ਟੈਕਸਟਾਈਲ ਇੰਡਸਟਰੀ ਵੀ ਇਸ ਡਿਊਟੀ ਨੂੰ ਵਧਾਉਣ ਦੀ ਮੰਗ ਕਰ ਰਹੀ ਹੈ। ਬਾਹਰਲੇ ਕੱਪੜੇ ਮਹਿੰਗੇ ਹੋਣ ਨਾਲ ਘਰੇਲੂ ਇੰਡਸਟਰੀ ਨੂੰ ਰਾਹਤ ਮਿਲੇਗੀ। ਘਰੇਲੂ ਨਿਰਮਾਣ ਵਧਣ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ ਮੁਤਾਬਕ ਟੈਕਸਟਾਈਲ ਸੈਕਟਰ 'ਚ ਪ੍ਰਤੱਖ ਅਤੇ ਅਪ੍ਰਤੱਖ ਰੂਪ 'ਚ 10.5 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਭਾਰਤ ਦਾ ਟੈਕਸਟਾਈਲ ਬਾਜ਼ਾਰ ਤਕਰੀਬਨ 10 ਲੱਖ ਕਰੋੜ ਰੁਪਏ ਦਾ ਹੈ।
ਸਾਲ 2017-18 'ਚ ਯਾਰਨ, ਫੈਬਰਿਕ ਅਤੇ ਕੱਪੜਿਆਂ ਦੀ ਦਰਾਮਦ 17 ਫੀਸਦੀ ਵਧੀ, ਜੋ ਕਿ 2016-17 ਦੇ 10,079 ਕਰੋੜ ਦੇ ਮੁਕਾਬਲੇ 11,838 ਕਰੋੜ ਰੁਪਏ ਰਹੀ। ਇਸ ਦੌਰਾਨ ਟੈਕਸਟਾਈਲ ਅਤੇ ਕੱਪੜਾ ਬਰਾਮਦ 4 ਫੀਸਦੀ ਘਟ ਰਹੀ। ਪਿਛਲੇ ਸਾਲ 2.28 ਲੱਖ ਕਰੋੜ ਦੀ ਬਰਾਮਦ ਹੋਈ, ਜੋ 2016-17 'ਚ 2.38 ਲੱਖ ਕਰੋੜ ਸੀ। ਇਕ ਸੰਗਠਨ ਮੁਤਾਬਕ, ਬੰਗਲਾਦੇਸ਼ ਦੀ ਦਰਮਾਦ ਵਧ ਰਹੀ ਹੈ। ਇਸ ਕਾਰਨ ਘਰੇਲੂ ਇੰਡਸਟਰੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ। 2009 'ਚ ਸਿਰਫ ਇਕ ਕਰੋੜ ਡਾਲਰ ਦੀ ਦਰਾਮਦ ਹੁੰਦੀ ਸੀ, ਜੋ 2015 'ਚ 10 ਕਰੋੜ ਅਤੇ 2016 'ਚ 13 ਕਰੋੜ ਡਾਲਰ ਤਕ ਪਹੁੰਚ ਗਈ। ਸਾਫਟਾ ਸਮਝੌਤੇ ਤਹਿਤ 2006 'ਚ ਬੰਗਲਾਦੇਸ਼ ਤੋਂ ਰੈਡੀਮੇਡ ਕੱਪੜੇ ਡਿਊਟੀ ਮੁਕਤ ਦਰਾਮਦ ਦੀ ਮਨਜ਼ੂਰੀ ਸੀ, ਉਦੋਂ ਇਹ 80 ਲੱਖ ਪੀਸ ਸਾਲਾਨਾ ਤਕ ਸੀਮਤ ਸੀ, ਜੋ 2010 'ਚ ਖਤਮ ਹੋਈ ਸੀ। ਬੰਗਲਾਦੇਸ਼ ਚੀਨ ਤੋਂ ਫੈਬਰਿਕ ਦਰਾਮਦ ਕਰਦਾ ਹੈ ਅਤੇ ਉਨ੍ਹਾਂ ਦੇ ਕੱਪੜੇ ਬਣਾ ਕੇ ਭਾਰਤ, ਦੂਜੇ ਦੇਸ਼ਾਂ ਨੂੰ ਬਰਾਮਦ ਕਰਦਾ ਹੈ।