IMF ਨੇ ਭਾਰਤ ਵੱਲੋਂ ਮਹਾਮਾਰੀ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਦੀ ਪ੍ਰਸ਼ੰਸਾਂ ਕੀਤੀ
Friday, Jan 15, 2021 - 07:53 PM (IST)
ਵਾਸ਼ਿੰਗਟਨ- IMF ਮੁਖੀ ਕ੍ਰਿਸਟਾਲਿਨਾ ਜਾਰਜੀਆ ਨੇ ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਦੇ ਆਰਥਿਕ ਨਤੀਜਿਆਂ ਨਾਲ ਨਜਿੱਠਣ ਲਈ ਕਈ ਸਾਰੇ ਫੈਸਲਾਕੁੰਨ ਕਦਮ ਚੁੱਕਣ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਦੇਸ਼ ਦੀ ਆਰਥਿਕਤਾ ਵਿਚ ਤੇਜ਼ੀ ਨਾਲ ਸੁਧਾਰ ਲਈ ਇਸ ਸਾਲ ਹੋਰ ਵੀ ਕਦਮ ਚੁੱਕਣ ਨੂੰ ਕਿਹਾ ਹੈ।
ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐਫ.) ਦੀ ਮੁਖੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਕਾਰਨ ਆਉਣ ਵਾਲੇ ਵਿਸ਼ਵ ਆਰਥਿਕ ਅਪਡੇਟ ਵਿਚ ਭਾਰਤ ਲਈ ਘੱਟ ਖ਼ਰਾਬ ਤਸਵੀਰ ਪੇਸ਼ ਹੋਣ ਜਾ ਰਹੀ ਹੈ। ਇਕ ਗਲੋਬਲ ਮੀਡੀਆ ਗੋਲਮੇਜ਼ ਵਿਚ ਚਰਚਾ ਦੌਰਾਨ ਵੀਰਵਾਰ ਨੂੰ ਉਨ੍ਹਾਂ ਇਹ ਗੱਲ ਆਖ਼ੀ। ਉਨ੍ਹਾਂ ਕਿਹਾ ਕਿ 26 ਜਨਵਰੀ ਭਾਰਤ ਲਈ ਬਹੁਤ ਮਾਈਨੇ ਰੱਖਦਾ ਹੈ, ਤੁਸੀਂ ਸਾਡੀ ਰਿਪੋਰਟ ਵਿਚ ਇਕ ਤਸਵੀਰ ਵੇਖੋਗੇ ਜੋ ਭਾਰਤ ਲਈ ਘੱਟ ਮਾੜੀ ਹੈ।
ਕੌਮਾਂਤਰੀ ਮੁਦਰਾ ਫੰਡ 26 ਜਨਵਰੀ ਨੂੰ ਵਿਸ਼ਵ ਆਰਥਿਕ ਅਪਡੇਟ ਰਿਪੋਰਟ ਜਾਰੀ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਆਬਾਦੀ ਵਾਲੇ ਭਾਰਤ ਲਈ ਤਾਲਾਬੰਦੀ ਲਾਉਣਾ ਬਹੁਤ ਵੱਡੀ ਚੁਣੌਤੀ ਸੀ, ਜਿੱਥੇ ਲੋਕ ਇਕ-ਦੂਜੇ ਦੇ ਇੰਨੇ ਨਜ਼ਦੀਕ ਰਹਿੰਦੇ ਹਨ। ਕ੍ਰਿਸਟਾਲਿਨਾ ਜਾਰਜੀਆ ਨੇ ਕਿਹਾ ਕਿ ਇਹ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਭਾਰਤ ਨੇ ਕਿਸ ਤਰ੍ਹਾਂ ਫੈਸਲਾਕੁੰਨ ਕਦਮਾਂ ਨਾਲ ਸੰਕਰਮਣ ਦੇ ਜ਼ਿਆਦਾ ਪ੍ਰਸਾਰ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਦਰਾ ਨੀਤੀ ਅਤੇ ਵਿੱਤੀ ਨੀਤੀ 'ਤੇ ਜੋ ਕੀਤਾ ਹੈ ਉਹ ਵੀ ਸ਼ਲਾਘਾਯੋਗ ਹੈ। ਭਾਰਤ ਵਿਚ ਹੁਣ ਵੀ ਬਿਹਤਰ ਕਰਨ ਦੀ ਗੁੰਜਾਇਸ਼ ਹੈ।