ਜੇਕਰ ਖਰੀਦ ਰਹੇ ਹੋ ਗਹਿਣੇ ਤਾਂ ਹੋ ਜਾਓ ਸਾਵਧਾਨ

01/19/2018 2:54:28 PM

ਨਵੀਂ ਦਿੱਲੀ— ਮੋਦੀ ਸਰਕਾਰ ਹੁਣ ਕਾਲੇ ਧਨ 'ਤੇ ਅਗਲਾ ਵਾਰ ਕਰਨ ਜਾ ਰਹੀ ਹੈ। ਆਉਣ ਵਾਲੇ ਸਮੇਂ 'ਚ ਕਾਲੇ ਧਨ ਦੇ ਕਾਰੋਬਾਰੀਆਂ ਲਈ ਕੋਈ ਥਾਂ ਸੁਰੱਖਿਅਤ ਨਹੀਂ ਰਹਿਣ ਵਾਲੀ ਹੈ। ਸ਼ੇਅਰ ਬਾਜ਼ਾਰ ਵੀ ਹੁਣ ਸਰਕਾਰ ਦੀ ਨਜ਼ਰ 'ਚ ਆ ਚੁੱਕਾ ਹੈ। ਪਿਛਲੇ ਸਾਲ ਤੋਂ ਸਰਕਾਰ ਰਤਨ ਅਤੇ ਗਹਿਣੇ ਦੇ ਛੋਟੇ ਕਾਰੋਬਾਰ 'ਚ ਵੀ ਜ਼ਿਆਦਾ ਪਾਰਦਰਸ਼ਿਤਾ ਲਿਆਉਣ ਦੀ ਕਵਾਇਦ ਕਰ ਰਹੀ ਹੈ। ਹੁਣ 6 ਲੱਖ ਰੁਪਏ ਤੋਂ ਜ਼ਿਆਦਾ ਗਹਿਣੇ ਖਰੀਦਣ ਵਾਲਿਆਂ ਦੀ ਵੀ ਸਰਕਾਰ ਖਬਰ ਲਵੇਗੀ। ਸਰਕਾਰ ਜੈਮਸ ਐਂਡ ਜਿਊਲਰੀ ਸੈਕਟਰ 'ਤੇ ਤਿੱਖੀ ਨਜ਼ਰ ਰੱਖਣ ਲਈ ਨਵੇਂ ਨਿਯਮ ਤਿਆਰ ਕਰ ਰਹੀ ਹੈ। ਪ੍ਰਚੂਨ ਗਹਿਣਾ ਦੁਕਾਨਦਾਰਾਂ ਨੂੰ 6 ਲੱਖ ਰੁਪਏ ਤੋਂ ਜ਼ਿਆਦਾ ਦੀ ਖਰੀਦ ਦੀ ਜਾਣਕਾਰੀ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ ਨੂੰ ਦੇਣੀ ਹੋਵੇਗੀ। ਰਿਪੋਰਟ 'ਚ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਸਤਾਵ 'ਤੇ ਕੰਮ ਹੋ ਰਿਹਾ ਹੈ। ਨਵੇਂ ਨਿਯਮ ਐਸ਼ੋ-ਆਰਾਮ ਦੇ ਹੋਰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ 'ਤੇ ਵੀ ਲਾਗੂ ਹੋਣਗੇ


ਸਿੰਗਾਪੁਰ 'ਚ ਜਮ੍ਹਾ ਕਾਲੇ ਧਨ 'ਤੇ ਸਰਕਾਰ ਦੀ ਨਜ਼ਰ 
ਸਿੰਗਾਪੁਰ ਦੇ ਬੈਂਕਾਂ 'ਚ ਰੱਖੀ ਗਈ ਅਣ-ਐਲਾਨੀ ਰਾਸ਼ੀ 'ਤੇ ਹੁਣ ਸਰਕਾਰ ਦੀ ਨਜ਼ਰ ਹੈ। ਸਰਕਾਰ ਛੇਤੀ ਹੀ ਸਿੰਗਾਪੁਰ 'ਚ ਸਾਲ 2008 ਤੋਂ ਭਾਰਤੀਆਂ ਵੱਲੋਂ ਖੋਲ੍ਹੇ ਗਏ ਸਾਰੇ ਖਾਤਿਆਂ ਨਾਲ ਜੁੜੀਆਂ ਸੂਚਨਾਵਾਂ ਛੇਤੀ ਹੀ ਹਾਸਲ ਕਰਨ ਵਾਲੀ ਹੈ। ਸਿੰਗਾਪੁਰ ਦੇ ਵਿੱਤ ਅਧਿਕਾਰੀਆਂ ਨੇ ਦੋਹਰੇ ਟੈਕਸੇਸ਼ਨ-ਬਚਾਅ ਸਮਝੌਤੇ (ਡੀ. ਟੀ. ਏ. ਏ.) ਦੇ ਤਹਿਤ ਸਾਰੇ ਬੈਂਕਾਂ ਨੂੰ ਭਾਰਤੀ ਖਾਤਾਧਾਰਕਾਂ ਦਾ ਵੇਰਵਾ ਨਵੀਂ ਦਿੱਲੀ ਨਾਲ ਸਾਂਝਾ ਕਰਨ ਲਈ ਕਿਹਾ ਹੈ। ਵਿਦੇਸ਼ 'ਚ ਰੱਖੇ ਗਏ ਕਾਲੇ ਧਨ 'ਤੇ ਲਗਾਮ ਲਾਉਣ ਲਈ ਸੂਚਨਾ-ਸਾਂਝੇਦਾਰੀ ਦੀ ਮੁਹਿੰਮ ਦੇ ਤਹਿਤ ਸਿੰਗਾਪੁਰ 'ਚ ਬੈਂਕ ਖਾਤਾ ਖੋਲ੍ਹਣ ਵਾਲੇ ਕਈ ਭਾਰਤੀਆਂ ਨੂੰ ਇਸ ਸੰਦਰਭ 'ਚ ਪੱਤਰ ਮਿਲਿਆ ਹੈ। ਇਕ ਉੱਚ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ਼ ਇਕ ਸ਼ੁਰੂਆਤ ਹੈ। ਸਾਡੇ ਕੋਲ ਸਿੰਗਾਪੁਰ 'ਚ ਸਾਰੇ ਸਾਬਕਾ ਅਤੇ ਮੌਜੂਦਾ ਖਾਤਾਧਾਰਕਾਂ ਨਾਲ ਸਬੰਧਤ ਸੂਚਨਾਵਾਂ ਦਾ ਪੂਰਾ ਡਾਟਾਬੇਸ ਹੈ ਅਤੇ ਅਸੀਂ ਪੂੰਜੀ ਦੀਆਂ ਗਤੀਵਿਧੀਆਂ 'ਤੇ ਪੂਰੀ ਨਜ਼ਰ ਰੱਖ ਰਹੇ ਹਾਂ। ਦੂਜੇ ਦੇਸ਼ਾਂ ਦੀਆਂ ਸੂਚਨਾਵਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਅਧਿਕਾਰੀਆਂ ਨਾਲ ਸਿੰਗਾਪੁਰ ਜੋ ਸੂਚਨਾਵਾਂ ਸਾਂਝੀਆਂ ਕਰ ਰਿਹਾ ਹੈ, ਉਹ ਸਿਰਫ ਖਾਤਾਧਾਰਕਾਂ ਬਾਰੇ ਹੀ ਨਹੀਂ ਹੈ, ਸਗੋਂ ਲਾਭਪਾਤਰੀਆਂ ਨਾਲ ਜੁੜੀਆਂ ਸੂਚਨਾਵਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।


ਬੰਦ ਖਾਤਿਆਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ
ਇਕ ਉੱਚ ਟੈਕਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਵਿਸ਼ੇਸ਼ ਕਰਦਾਤਿਆਂ ਬਾਰੇ ਸੂਚਨਾਵਾਂ ਦੇਣ ਬਾਰੇ ਕਿਹਾ ਗਿਆ ਹੈ ਜੋ ਸਾਡੇ ਨਿਯਮਾਂ ਰਾਹੀਂ ਮਿਲੀਆਂ ਸੂਚਨਾਵਾਂ 'ਤੇ ਆਧਾਰਿਤ ਹੈ। ਵੱਡੇ ਪੱਧਰ 'ਤੇ ਸੂਚਨਾਵਾਂ ਦੀ ਸਾਂਝੇਦਾਰੀ ਕੀਤੀ ਜਾ ਰਹੀ ਹੈ। ਅਸੀਂ ਆਪਣੇ ਸੁਲਾਹ-ਸਾਂਝੇਦਾਰ ਦੇਸ਼ਾਂ ਨੂੰ ਸੂਚਨਾ ਮੁਹੱਈਆ ਕਰਵਾ ਰਹੇ ਹਾਂ। ਭਾਰਤ ਸਰਕਾਰ ਨੂੰ ਬੰਦ ਖਾਤਿਆਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਿੰਗਾਪੁਰ 'ਚ ਆਪਣਾ ਖਾਤਾ ਬੰਦ ਕਰ ਦਿੱਤਾ ਹੈ ਅਤੇ ਆਪਣੀ ਪੂੰਜੀ ਇਕ ਅਜਿਹੇ ਦੇਸ਼ 'ਚ ਟਰਾਂਸਫਰ ਕਰ ਦਿੱਤੀ ਹੈ ਜੋ ਟੈਕਸ ਦੇ ਲਿਹਾਜ਼ ਨਾਲ ਅਨੁਕੂਲ ਹੈ ਤਾਂ ਵੀ ਸਾਨੂੰ ਸੂਚਨਾ ਸਾਂਝੇਦਾਰੀ ਦੇ ਤਹਿਤ ਸੂਚਨਾ ਮਿਲੇਗੀ। ਸਵਿਟਜ਼ਰਲੈਂਡ ਨੇ ਵੀ ਭਾਰਤੀ ਖਾਤਿਆਂ ਦੀਆਂ ਸੂਚਨਾਵਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਹਨ ਅਤੇ ਅਗਲੇ ਸਾਲ ਤੋਂ ਇਸ ਨੂੰ ਭਾਰਤੀ ਅਧਿਕਾਰੀਆਂ ਨਾਲ ਸਾਂਝਿਆਂ ਵੀ ਕੀਤਾ ਜਾਵੇਗਾ।


Related News