ਸਰਕਾਰੀ ਪੋਰਟਲ ''ਤੇ ਮਿਲੇਗੀ ਜੀ. ਐੱਸ. ਟੀ. ਈ-ਚਲਾਨ ਕੱਢਣ ਦੀ ਸਹੂਲਤ
Monday, Apr 29, 2019 - 01:14 AM (IST)
ਨਵੀਂ ਦਿੱਲੀ— ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਅਧਿਕਾਰੀ ਇਕ ਅਜਿਹੀ ਪ੍ਰਣਾਲੀ 'ਤੇ ਕੰਮ ਕਰ ਰਹੇ ਹਨ, ਜਿਸ 'ਚ ਇਕ ਤੈਅ ਹੱਦ ਤੋਂ ਜ਼ਿਆਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਸਰਕਾਰੀ ਜਾਂ ਜੀ. ਐੱਸ. ਟੀ. ਪੋਰਟਲ 'ਤੇ ਹਰ ਇਕ ਵਿਕਰੀ ਲਈ 'ਈ-ਚਲਾਨ' ਕੱਢਣਾ ਹੋਵੇਗਾ। ਇਸ ਨਾਲ ਟੈਕਸ ਚੋਰੀ ਦੀ ਗੁੰਜਾਇਸ਼ ਕਾਫ਼ੀ ਹੱਦ ਤੱਕ ਘੱਟ ਹੋ ਸਕੇਗੀ। ਸ਼ੁਰੂਆਤ 'ਚ ਇਕ ਤੈਅ ਹੱਦ ਤੋਂ ਜ਼ਿਆਦਾ ਦੇ ਕਾਰੋਬਾਰ ਵਾਲੀਆਂ ਇਕਾਈਆਂ ਨੂੰ ਹਰ ਇਕ ਇਲੈਕਟ੍ਰਾਨਿਕ ਜਾਂ ਈ-ਚਲਾਨ 'ਤੇ ਇਕ ਵਿਸ਼ੇਸ਼ ਨੰਬਰ ਮਿਲੇਗਾ।
ਇਕ ਅਧਿਕਾਰੀ ਨੇ ਦੱਸਿਆ ਕਿ ਇਸ ਨੰਬਰ ਦਾ ਮਿਲਾਨ ਵਿਕਰੀ ਰਿਟਰਨ ਅਤੇ ਚੁਕਾਏ ਗਏ ਟੈਕਸ ਦੇ ਇਨਵਾਇਸ ਨਾਲ ਕੀਤਾ ਜਾ ਸਕੇਗਾ। ਅੱਗੇ ਚੱਲ ਕੇ ਕੰਪਨੀਆਂ ਨੂੰ ਵਿਕਰੀ ਦੀ ਪੂਰੀ ਵੈਲਿਊ 'ਤੇ ਪੂਰਨ ਇਲੈਕਟ੍ਰਾਨਿਕ ਟੈਕਸ ਚਲਾਨ ਜਾਂ ਈ-ਇਨਵਾਇਸ ਕੱਢਣਾ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਇਕ ਤੈਅ ਹੱਦ ਤੋਂ ਜ਼ਿਆਦਾ ਦੇ ਕਾਰੋਬਾਰ ਵਾਲੀਆਂ ਇਕਾਈਆਂ ਨੂੰ ਇਕ ਸਾਫਟਵੇਅਰ ਦਿੱਤਾ ਜਾਵੇਗਾ ਜੋ ਜੀ. ਐੱਸ. ਟੀ. ਜਾਂ ਸਰਕਾਰੀ ਪੋਰਟਲ ਨਾਲ ਜੁੜਿਆ ਹੋਵੇਗਾ। ਇਸ ਨਾਲ ਈ-ਚਲਾਨ ਕੱਢਿਆ ਜਾ ਸਕੇਗਾ। ਹੱਦ ਦਾ ਨਿਰਧਾਰਨ ਚਲਾਨ ਦੇ ਮੁੱਲ ਦੇ ਆਧਾਰ 'ਤੇ ਤੈਅ ਕੀਤਾ ਜਾ ਸਕੇਗਾ।
ਇਕ ਅਧਿਕਾਰੀ ਨੇ ਕਿਹਾ, ਈ-ਚਲਾਨ ਕੱਢਣ ਦੀ ਲਾਜ਼ਮੀਅਤਾ ਰਜਿਸਟਰਡ ਵਿਅਕਤੀ ਦੇ ਕਾਰੋਬਾਰ ਜਾਂ ਚਲਾਨ ਮੁੱਲ ਦੇ ਆਧਾਰ 'ਤੇ ਤੈਅ ਹੋਵੇਗੀ। ਵੈਸੇ ਵਿਚਾਰ ਇਹ ਹੈ ਕਿ ਇਹ ਕਾਰੋਬਾਰ ਦੀ ਹੱਦ 'ਤੇ ਆਧਾਰਿਤ ਹੋਵੇ ਤਾਂ ਕਿ ਉਹ ਵਿਕਰੀ ਬਿੱਲਾਂ ਨੂੰ ਵੱਖ-ਵੱਖ ਵੰਡ ਨਾ ਸਕਣ।'' ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਘੱਟ ਤੋਂ ਘੱਟ ਮੁੱਲ 1000 ਰੁਪਏ ਤੈਅ ਕੀਤਾ ਜਾਂਦਾ ਹੈ ਤਾਂ ਇਸ ਗੱਲ ਦੀ ਸੰਭਾਵਨਾ ਰਹੇਗੀ ਕਿ ਕੰਪਨੀਆਂ ਇਸ ਨੂੰ ਕਈ ਬਿੱਲਾਂ 'ਚ ਵੰਡ ਦੇਣ, ਜਿਸ ਨਾਲ ਚਲਾਨ ਆਧਾਰਿਤ ਹੱਦ ਤੋਂ ਬਚਿਆ ਜਾ ਸਕੇ।
