ਹੁੰਡਈ ਭਾਰਤ 'ਚ ਕਰੇਗੀ 3,200 ਕਰੋੜ ਨਿਵੇਸ਼, ਈ-ਕਾਰਾਂ ਦੀ ਹੋਵੇਗੀ ਲਾਂਚਿੰਗ
Thursday, Feb 18, 2021 - 12:11 PM (IST)
ਨਵੀਂ ਦਿੱਲੀ- ਹੁੰਡਈ ਮੋਟਰ ਭਾਰਤ ਵਿਚ ਆਪਣੇ ਪੋਰਟਫੋਲੀਓ ਦੇ ਵਿਸਥਾਰ ਲਈ ਚਾਰ ਸਾਲਾਂ ਵਿਚ 3,200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਵਾਲੀ ਹੈ। ਇਸ ਦੌਰਾਨ ਕੰਪਨੀ ਕਈ ਕਾਰਾਂ ਬਾਜ਼ਾਰ ਵਿਚ ਪੇਸ਼ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ, ਜਿਸ ਵਿਚ ਇਲੈਕਟ੍ਰਿਕ ਕਾਰਾਂ ਵੀ ਸ਼ਾਮਲ ਹਨ।
ਹੁੰਡਈ ਨੂੰ ਭਾਰਤ ਵਿਚ ਕੰਮ ਕਰਦੇ 25 ਸਾਲ ਪੂਰੇ ਹੋ ਚੁੱਕੇ ਹਨ ਅਤੇ ਮੌਜੂਦਾ ਸਮੇਂ ਯਾਤਰੀ ਵਾਹਨਾਂ ਦੇ ਬਾਜ਼ਾਰ ਵਿਚ ਇਸ ਦੀ ਹਿੱਸੇਦਾਰੀ 17 ਫ਼ੀਸਦੀ ਤੋਂ ਵੱਧ ਹੈ।
ਕੰਪਨੀ ਮੰਨਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਵਿਕਾਸ ਲਈ ਗ੍ਰੀਨ ਫਿਊਲ ਕਾਰਾਂ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ। ਇਸ ਲਈ ਹੁੰਡਈ ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰਨ ਜਾ ਰਹੀ ਹੈ।
ਮੌਜੂਦਾ ਸਮੇਂ ਹੁੰਡਈ ਭਾਰਤ ਵਿਚ ਇਲੈਕਟ੍ਰਿਕ ਐੱਸ. ਯੂ. ਵੀ. ਕੋਨਾ ਵੇਚਦੀ ਹੈ, ਜਿਸ ਦੀ ਕੀਮਤ ਲਗਭਗ 24 ਲੱਖ ਰੁਪਏ ਹੈ। ਨਵੀਂ ਰਣਨੀਤੀ ਤਹਿਤ ਕੰਪਨੀ ਜਲਦ ਹੀ ਇਸ ਤੋਂ ਸਸਤੀ ਇਲੈਕਟ੍ਰਿਕ ਗੱਡੀ ਲਾਂਚ ਕਰੇਗੀ। ਖ਼ਬਰਾਂ ਦੀ ਮੰਨੀਏ ਤਾਂ ਹੁੰਡਈ ਮੋਟਰ ਸਥਾਨਕ ਤੌਰ 'ਤੇ ਪਹਿਲੀ ਇਲੈਕਟ੍ਰਿਕ ਕਾਰ ਵਿਕਸਤ ਕਰਨ ਦਾ ਕੰਮ ਕਰ ਰਹੀ ਹੈ। ਇਹ ਇਕ ਛੋਟੀ ਐੱਸ. ਯੂ. ਵੀ. ਹੋ ਸਕਦੀ ਹੈ। ਗੌਰਤਲਬ ਹੈ ਕਿ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਈ ਕਦਮ ਚੁੱਕੇ ਹਨ। ਇਲੈਕ੍ਰਟਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ ਵੀ ਘਟਾ ਕੇ 5 ਫ਼ੀਸਦੀ ਕੀਤੀ ਗਈ ਹੈ, ਜਦੋਂ ਕਿ ਪੈਟਰੋਲ-ਡੀਜ਼ਲ ਵਾਹਨਾਂ 'ਤੇ 28 ਫ਼ੀਸਦੀ ਜੀ. ਐੱਸ. ਟੀ. ਦੇ ਨਾਲ ਸੈੱਸ ਵੀ ਹੈ।