ਹਿੰਦੁਸਤਾਨ ਯੂਨੀਲੀਵਰ ਕਰੇਗੀ ਕੌਮਾਂਤਰੀ ਪੱਧਰ ’ਤੇ ਵੱਡੀ ਛਾਂਟੀ, ਕੱਢੇ ਜਾਣਗੇ ਸੀਨੀਅਰ ਅਤੇ ਜੂਨੀਅਰ ਕਰਮਚਾਰੀ
Wednesday, Jan 26, 2022 - 10:28 AM (IST)
ਨਵੀਂ ਦਿੱਲੀ–ਐੱਫ. ਐੱਮ. ਸੀ. ਜੀ. ਖੇਤਰ ਦੀ ਦਿੱਗਜ਼ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚ. ਯੂ. ਐੱਲ.) ਨੇ ਵੱਡੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਆਪਣੇ ਕੰਮਕਾਜ ’ਚ ਵੱਡੇ ਬਦਲਾਅ ਕਰਨ ਜਾ ਰਹੀ ਹੈ, ਜਿਸ ਨਾਲ ਸੀਨੀਅਰ ਅਤੇ ਜੂਨੀਅਰ ਲੈਵਲ ’ਤੇ ਕਈ ਕਰਮਚਾਰੀਆਂ ਨੂੰ ਕੱਢਿਆ ਜਾ ਸਕਦਾ ਹੈ।
ਐੱਚ. ਯੂ. ਐੱਲ. ਆਪਣੇ ਆਰਗੇਨਾਈਜੇਸ਼ਨ ਮਾਡਲ ’ਚ ਬਦਲਾਅ ਤਹਿਤ ਸੀਨੀਅਰ ਮੈਨੇਜਮੈਂਟ ਰੋਲ ’ਚ 15 ਫੀਸਦੀ ਅਤੇ ਜੂਨੀਅਰ ਮੈਨੇਜਮੈਂਟ ਰੋਲ ’ਚ 5 ਫੀਸਦੀ ਦੀ ਕਟੌਤੀ ਕਰਨ ਜਾ ਰਹੀ ਹੈ। ਇਸ ਕਦਮ ਨਾਲ ਕਰੀਬ 1500 ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਕੰਪਨੀ ਨੇ ਆਪਣੇ ਸਾਬਕਾ ਨਿਤਿਨ ਪਰਾਂਜਪੇ ਅਤੇ ਚੀਫ ਆਪ੍ਰੇਟਿੰਗ ਆਫਿਸਰ (ਸੀ. ਓ. ਓ.) ਨੂੰ ਮੁੜ ਨਵੀਂ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਹੈ। ਪਰਾਂਜਪੇ ਇਸ ਵਾਰ ਬਿਜ਼ਨੈੱਸ ਟ੍ਰਾਂਸਫਾਰਮੇਸ਼ਨ ਅਤੇ ਐੱਚ. ਆਰ. ਦਾ ਕੰਮ ਦੇਖਣਗੇ। ਐੱਚ. ਯੂ. ਐੱਲ. ਦੇ ਬਿਊਟੀ ਅਤੇ ਪਰਸਨਲ ਕੇਅਰ ਬਿਜ਼ਨੈੱਸ ਦੇ ਪ੍ਰਧਾਨ ਸੰਨੀ ਜੈਨ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ। ਹੁਣ ਉਹ ਤਕਨਾਲੋਜੀ ਖੇਤਰ ਲਈ ਇਨਵੈਸਟਮੈਂਟ ਫੰਡ ਬਣਾਉਣ ਦਾ ਕੰਮ ਕਰਨਗੇ। ਕੰਪਨੀ ਨਾਲ ਦੁਨੀਆ ਭਰ ’ਚ 1.5 ਲੱਖ ਤੋਂ ਵੱਧ ਕਰਮਚਾਰੀ ਜੁੜੇ ਹਨ ਅਤੇ ਸੰਭਾਵਿਤ ਛਾਂਟੀ ਵੀ ਭਾਰਤ ਸਮੇਤ ਕੌਮਾਂਤਰੀ ਪੱਧਰ ’ਤੇ ਕੀਤੀ ਜਾਣੀ ਹੈ।
ਕੰਪਨੀ 5 ਹਿੱਸਿਆਂ ’ਚ ਵੰਡੇਗੀ ਕਾਰੋਬਾਰ
ਐੱਚ. ਯੂ. ਐੱਲ. ਨੇ ਆਪਣੇ ਆਰਗਨਾਈਜੇਸ਼ਨ ਮਾਡਲ ’ਚ ਬਦਲਾਅ ਕਰ ਕੇ ਪੂਰੇ ਸਮੂਹ ਨੂੰ 5 ਵੱਖ-ਵੱਖ ਕਾਰੋਬਾਰ ’ਚ ਵੰਡਣ ਦਾ ਫੈਸਲਾ ਕੀਤਾ ਹੈ। ਇਸ ’ਚ ਬਿਊਟੀ ਅਤੇ ਹੈਲਥ, ਪਰਸਨਲ ਕੇਅਰ, ਹੋਮ ਕੇਅਰ, ਨਿਊਟ੍ਰਿਸ਼ਨ ਅਤੇ ਆਈਸਕ੍ਰੀਮ ਕਾਰੋਬਾਰ ਸ਼ਾਮਲ ਹੋਣਗੇ। ਹਰ ਕਾਰੋਬਾਰ ਆਪਣੀ ਰਣਨੀਤੀ, ਗ੍ਰੋਥ, ਪ੍ਰਾਫਿਟ ਅਤੇ ਡਲਿਵਰੀ ਲਈ ਸੁਤੰਤਰ ਤੌਰ ਜ਼ਿੰਮੇਵਾਰ ਹੋਵੇਗਾ। ਕੰਪਨੀ ਦੇ ਦੁਨੀਆ ਭਰ ’ਚ ਸਥਿਤ ਕਾਰੋਬਾਰ ਨੂੰ ਸੰਭਾਲਣ ਵਾਲੇ ਕਾਰਜਕਾਰੀ ਅਧਿਕਾਰੀਆਂ ’ਚ ਵੀ ਵੱਡੇ ਬਦਲਾਅ ਕੀਤੇ ਜਾਣਗੇ ਅਤੇ ਸਾਰੀਆਂ ਨਵੀਆਂ ਨਿਯੁਕਤੀਆਂ 1 ਅਪ੍ਰੈਲ 2022 ਤੋਂ ਲਾਗੂ ਹੋਣਗੀਆਂ।