ਕਿਸਾਨ ਤੋਂ ਵਸੂਲਿਆ ਜ਼ਿਆਦਾ ਵਿਆਜ, ਹੁਣ SBI ਮੋੜੇਗਾ ਵਿਆਜ ਸਮੇਤ ਰਾਸ਼ੀ

06/22/2018 10:53:37 PM

ਆਗਰਾ-ਕਿਸਾਨ ਕ੍ਰੈਡਿਟ ਕਾਰਡ ਯੋਜਨਾ 'ਚ ਲੋਨ ਦੇਣ ਤੋਂ ਬਾਅਦ ਮਨਮਰਜ਼ੀ ਦਾ ਵਿਆਜ ਵਸੂਲਣ 'ਤੇ ਜ਼ਿਲਾ ਖਪਤਕਾਰ ਫੋਰਮ ਨੇ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੂੰ ਵੱਧ ਵਸੂਲੀ ਗਈ ਰਾਸ਼ੀ ਵਿਆਜ ਸਮੇਤ ਮੋੜਨ ਦਾ ਹੁਕਮ ਦਿੱਤਾ ਹੈ। 


ਕੀ ਹੈ ਮਾਮਲਾ
ਕਾਗਾਰੌਲ ਦੇ ਨਗਲਾ ਭੁਜ ਨਿਵਾਸੀ ਲਕਸ਼ਮਣ ਸਿੰਘ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਦੀ ਕਾਗਾਰੌਲ ਬ੍ਰਾਂਚ ਵੱਲੋਂ ਸਾਲ 2008 'ਚ ਜਾਰੀ ਕੇ. ਸੀ. ਸੀ. (ਕਿਸਾਨ ਕ੍ਰੈਡਿਟ ਕਾਰਡ) 'ਤੇ ਬੈਂਕ ਨੇ ਉਨ੍ਹਾਂ ਨੂੰ 3 ਲੱਖ ਰੁਪਏ ਦੀ ਕਰਜ਼ਾ ਸਹੂਲਤ ਦਿੱਤੀ, ਜਿਸ 'ਚ ਬੈਂਕ ਨੇ 2 ਲੱਖ 75 ਹਜ਼ਾਰ ਰੁਪਏ ਦੀ ਲਿਮਿਟ ਤੈਅ ਕੀਤੀ। ਉਹ ਆਪਣੀ ਸਹੂਲੀਅਤ ਅਨੁਸਾਰ ਕਰਜ਼ਾ ਲੈਂਦੇ ਰਹੇ ਅਤੇ ਉਸ ਨੂੰ ਵਿਆਜ ਦੇ ਨਾਲ ਚੁਕਾਉਂਦੇ ਰਹੇ ਪਰ ਬੈਂਕ ਵਾਰ-ਵਾਰ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਵੱਧ ਵਿਆਜ ਦਰ ਲਾ ਕੇ ਆਰਥਕ ਨੁਕਸਾਨ ਤੇ ਮਾਨਸਿਕ ਪ੍ਰੇਸ਼ਾਨੀ ਦਿੰਦਾ ਰਿਹਾ। 


ਸ਼ਿਕਾਇਤ ਕਰਨ 'ਤੇ ਬ੍ਰਾਂਚ ਮੈਨੇਜਰ ਨੇ ਗਲਤ ਤਰੀਕੇ ਨਾਲ ਲਾਏ ਵਿਆਜ ਸੋਧ ਕੇ ਇਸ ਨੂੰ ਸਹੀ ਕਰ ਦਿੱਤਾ ਅਤੇ ਸਾਲ 2010 ਅਤੇ 2013 'ਚ ਕ੍ਰਮਵਾਰ 23,011 ਤੇ 17,724 ਰੁਪਏ ਵਾਪਸ ਉਨ੍ਹਾਂ ਦੇ ਖਾਤੇ 'ਚ ਪਾ ਦਿੱਤੇ ਪਰ ਪਿਛਲੇ ਇਕ ਸਾਲ ਤੋਂ ਦੁਬਾਰਾ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਵਿਆਜ ਲਾ ਕੇ ਵਸੂਲੀ ਕੀਤੀ ਜਾ ਰਹੀ ਸੀ। ਤੀਜੀ ਵਾਰ 'ਚ ਉਨ੍ਹਾਂ 'ਤੇ 35 ਹਜ਼ਾਰ ਦਾ ਵਿਆਜ ਲਾ ਦਿੱਤਾ ਗਿਆ। ਸ਼ਿਕਾਇਤ ਕਰਨ 'ਤੇ 6500 ਰੁਪਏ ਲੈ ਕੇ ਖਾਤਾ ਠੀਕ ਕਰਨ ਦਾ ਲਾਲਚ ਦਿੱਤਾ ਗਿਆ ਪਰ ਪਾਸ ਬੁੱਕ 'ਚ ਐਂਟਰੀ ਕਰਨ 'ਤੇ ਉਨ੍ਹਾਂ ਨੂੰ ਧੋਖੇ 'ਚ ਰੱਖ ਕੇ ਲਏ ਗਏ 2,44,175 ਰੁਪਏ ਦੇ ਕਰਜ਼ੇ ਨੂੰ ਵਧਾ ਕੇ 2,75,000 ਕਰ ਦਿੱਤਾ ਅਤੇ ਕਰਜ਼ਾ ਲਿਮਿਟ ਦੀ ਵੱਧ ਰਾਸ਼ੀ 6500 ਰੁਪਏ ਵਿਆਜ ਦੇ ਰੂਪ 'ਚ ਜਮ੍ਹਾ ਕਰਵਾ ਲਏ। ਪੁੱਛਣ 'ਤੇ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਉਨ੍ਹਾਂ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕੀਤੀ।


ਇਹ ਕਿਹਾ ਫੋਰਮ ਨੇ 
ਉਕਤ ਮਾਮਲੇ 'ਚ ਜਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਦੇ ਪ੍ਰਧਾਨ ਉਮੇਸ਼ ਚੰਦਰ ਪਾਂਡੇ ਨੇ 12 ਜੂਨ ਨੂੰ ਕਿਸਾਨ ਦੇ ਪੱਖ 'ਚ ਫੈਸਲਾ ਸੁਣਾਉਂਦਿਆਂ ਬੈਂਕ ਨੂੰ ਦੋਸ਼ੀ ਮੰਨਦਿਆਂ 6 ਫ਼ੀਸਦੀ ਵਿਆਜ ਦੇ ਨਾਲ ਵੱਧ ਵਸੂਲੀ ਗਈ ਰਕਮ ਚੁਕਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ 5000 ਰੁਪਏ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖ਼ਰਚੇ ਵਜੋਂ ਵੀ ਚੁਕਾਉਣ ਲਈ ਬੈਂਕ ਨੂੰ ਕਿਹਾ ਗਿਆ ਹੈ।


Related News