''ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵਿਸ਼ਵ ਅਰਥਵਿਵਸਥਾ ਦੀ ਰਿਕਵਰੀ ’ਤੇ ਪਵੇਗਾ ਬੁਰਾ ਅਸਰ’
Thursday, Oct 21, 2021 - 10:54 AM (IST)
ਨਵੀਂ ਦਿੱਲੀ (ਭਾਸ਼ਾ) – ਦੁਨੀਆ ਦੇ ਤੀਜੇ ਸਭ ਤੋਂ ਵੱਡੇ ਊਰਜਾ ਖਪਤਕਾਰ ਦੇਸ਼ ਭਾਰਤ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਤੇਲ ਦੀਆਂ ਉੱਚੀਆਂ ਕੀਮਤਾਂ ਕੌਮਾਂਤਰੀ ਆਰਥਿਕ ਰਿਵਾਈਵਲ ’ਤੇ ਉਲਟ ਅਸਰ ਪਾਉਣਗੀਆਂ। ਭਾਰਤ ਨੇ ਸਾਊਦੀ ਅਰਬ ਅਤੇ ਓਪੇਕ (ਤੇਲ ਬਰਾਮਦਕਾਰ ਦੇਸ਼ਾਂ ਦੇ ਸੰਗਠਨ) ਦੇ ਹੋਰ ਮੈਂਬਰ ਦੇਸ਼ਾਂ ਨੂੰ ਸਸਤੀ ਅਤੇ ਭਰੋਸੇਮੰਦ ਸਪਲਾਈ ਦੀ ਦਿਸ਼ਾ ’ਚ ਕੰਮ ਕਰਨ ਨੂੰ ਕਿਹਾ। ਇਸ ਸਾਲ ਮਈ ਤੋਂ ਕੀਮਤਾਂ ’ਚ ਵਾਧੇ ਨਾਲ ਦੇਸ਼ ਭਰ ’ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਵੱਡੇ ਘਪਲੇ ਦੀ ਤਾਕ 'ਚ HDFC ਬੈਂਕ ਦੇ 3 ਮੁਲਾਜ਼ਮਾਂ ਸਮੇਤ 12 ਲੋਕ ਚੜ੍ਹੇ ਪੁਲਸ ਹੱਥੇ
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੇਰਾ ਵੀਕ ਦੇ ‘ਇੰਡੀਆ ਐਨਰਜੀ ਫੋਰਮ’ ਵਿਚ ਕਿਹਾ ਕਿ ਜੇ ਊਰਜਾ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹੀਆਂ ਤਾਂ ਕੌਮਾਂਤਰੀ ਅਰਥਵਿਵਸਥਾ ਦੀ ਰਿਕਵਰੀ ’ਤੇ ਬੁਰਾ ਅਸਰ ਪਵੇਗਾ। ਪਿਛਲੇ ਸਾਲ ਅਪ੍ਰੈਲ ’ਚ ਕੌਮਾਂਤਰੀ ਬਾਜ਼ਾਰ ’ਚ ਤੇਲ ਦਾ ਰੇਟ ਟੁੱਟ ਕੇ 19 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਇਸ ਦਾ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਵੱਖ-ਵੱਖ ਦੇਸ਼ਾਂ ’ਚ ਲਗਾਇਆ ਗਿਆ ‘ਲਾਕਡਾਊਨ’ ਸੀ। ਇਸ ਨਾਲ ਮੰਗ ਕਾਫੀ ਹੇਠਾਂ ਪਹੁੰਚ ਗਈ ਸੀ। ਇਸ ਸਾਲ ਟੀਕਾਕਰਨ ਨਾਲ ਅਰਥਵਿਵਸਥਾ ’ਚ ਸਰਗਰਮੀਆਂ ਤੇਜ਼ ਹੋਣ ਕਾਰਨ ਮੰਗ ਵਧੀ। ਇਸ ਨਾਲ ਕੌਮਾਂਤਰੀ ਮਾਪਦੰਡ ਬ੍ਰੇਂਟ ਕਰੂਡ ਹੁਣ 84 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਈਂਧਨ ਮਹਿੰਗਾ ਹੋਇਆ ਹੈ ਅਤੇ ਮਹਿੰਗਾਈ ਦਾ ਖਦਸ਼ਾ ਵਧਿਆ ਹੈ।
ਇਹ ਵੀ ਪੜ੍ਹੋ : ਗੰਢੇ-ਟਮਾਟਰ ਦੀਆਂ ਵਧੀਆਂ ਕੀਮਤਾਂ ਤੋਂ ਜਨਤਾ ਪਰੇਸ਼ਾਨ, ਜਾਣੋ ਕਦੋਂ ਘੱਟ ਹੋਣਗੇ ਭਾਅ
ਦਰਾਮਦ ਬਿੱਲ ਪਹੁੰਚਿਆ 24 ਅਰਬ ਡਾਲਰ ’ਤੇ
ਪੁਰੀ ਨੇ ਕਿਹਾ ਕਿ ਭਾਰਤ ਦਾ ਤੇਲ ਬਰਾਮਦ ਬਿੱਲ 2020 ’ਚ ਜੂਨ ਤਿਮਾਹੀ 8.8 ਅਰਬ ਡਾਲਰ ਸੀ। ਇਹ ਕੌਮਾਂਤਰੀ ਪੱਧਰ ’ਤੇ ਤੇਲ ਦੇ ਰੇਟ ’ਚ ਤੇਜ਼ੀ ਕਾਰਨ ਹੁਣ 24 ਅਰਬ ਡਾਲਰ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਇਹ ਮੰਨਣਾ ਹੈ ਕਿ ਊਰਜਾ ਦੀ ਪਹੁੰਚ ਭਰੋਸੇਮੰਦ, ਰਿਆਇਤੀ ਅਤੇ ਟਿਕਾਊ ਹੋਣੀ ਚਾਹੀਦੀ ਹੈ। ਵਿਨਾਸ਼ਕਾਰੀ ਮਹਾਮਾਰੀ ਤੋਂ ਬਾਅਦ ਆਰਥਿਕ ਰਿਵਾਈਵਲ ਹਾਲੇ ਨਾਜ਼ੁਕ ਸਥਿਤੀ ’ਚ ਹੈ ਅਤੇ ਅਜਿਹੇ ’ਚ ਤੇਲ ਦੇ ਰੇਟ ’ਚ ਤੇਜ਼ੀ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਦੇਸ਼ ਆਪਣੀਆਂ ਕੁੱਲ ਤੇਲ ਲੋੜਾਂ ਦਾ ਕਰੀਬ ਦੋ-ਤਿਹਾਈ ਪੱਛਮੀ ਏਸ਼ੀਆ ਤੋਂ ਦਰਾਮਦ ਕਰਦਾ ਹੈ। ਭਾਰਤ ਨੇ ਕੱਚੇ ਤੇਲ ਉਤਪਾਦਕ ਦੇਸ਼ਾਂ ਨੂੰ ਕਿਹਾ ਕਿ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਬਦਲ ਈਂਧਨ ਅਪਣਾਉਣ ਦੀ ਰਫਤਾਰ ਤੇਜ਼ ਹੋਵੇਗੀ ਅਤੇ ਇਹ ਉੱਚੀ ਦਰ ਉਤਪਾਦਕਾਂ ਲਈ ਨੁਕਸਾਨਦੇਹ ਸਾਬਤ ਹੋਵੇਗੀ। ਪੁਰੀ ਨੇ ਕਿਹਾ ਕਿ ਕੌਮਾਂਤਰੀ ਕੀਮਤਾਂ ’ਚ ਉਤਰਾਅ-ਚੜ੍ਹਾਅ ਨਾਲ ਨਾ ਸਿਰਫ ਭਾਰਤ ਸਗੋਂ ਉਦਯੋਗਿਕ ਦੇਸ਼ ਵੀ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਗੰਢੇ-ਟਮਾਟਰ ਦੀਆਂ ਵਧੀਆਂ ਕੀਮਤਾਂ ਤੋਂ ਜਨਤਾ ਪਰੇਸ਼ਾਨ, ਜਾਣੋ ਕਦੋਂ ਘੱਟ ਹੋਣਗੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।