ਚੈੱਕ ਬਾਊਂਸ ਪਵੇਗਾ ਮਹਿੰਗਾ, ਈ-ਮੇਲ, WhatsApp ''ਤੇ ਨੋਟਿਸ ਭੇਜ ਰਿਹਾ HDFC ਬੈਂਕ

Saturday, Sep 15, 2018 - 01:05 PM (IST)

ਨਵੀਂ ਦਿੱਲੀ— ਚੈੱਕ ਬਾਊਂਸ ਵਰਗੇ ਨਿਯਮਾਂ ਦਾ ਉਲੰਘਣ ਕਰਨ 'ਤੇ ਐੱਚ. ਡੀ. ਐੱਫ. ਸੀ. ਬੈਂਕ ਗਾਹਕਾਂ ਨੂੰ ਈ-ਮੇਲ ਅਤੇ ਵਟਸਐਪ ਜ਼ਰੀਏ ਨੋਟਿਸ ਭੇਜ ਰਿਹਾ ਹੈ। ਬੈਂਕ ਨੂੰ ਉਮੀਦ ਹੈ ਕਿ ਸੰਪਰਕ ਦੇ ਨਵੇਂ ਤਰੀਕੇ ਅਪਣਾਉਣ ਨਾਲ ਮਾਮਲਿਆਂ ਦਾ ਤੇਜ਼ੀ ਨਾਲ ਨਿਪਟਾਰਾ ਹੋ ਸਕੇਗਾ। ਇਕ ਅਧਿਕਾਰੀ ਮੁਤਾਬਕ, ਐੱਚ. ਡੀ. ਐੱਫ. ਸੀ. ਬੈਂਕ ਵੱਖ-ਵੱਖ ਅਦਾਲਤਾਂ 'ਚ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਈ-ਮੇਲ ਅਤੇ ਵਟਸਐਪ ਵਰਗੇ ਮਾਧਿਆਮਾਂ ਜ਼ਰੀਏ ਨੋਟਿਸ ਅਤੇ ਸੰਮਨ ਭੇਜੇ ਜਾਣੇ ਚਾਹੀਦੇ ਹਨ। ਇਸ ਨਾਲ ਮਾਮਲਿਆਂ ਦੇ ਤਤਕਾਲ ਨਿਪਟਾਰੇ 'ਚ ਮਦਦ ਮਿਲੇਗੀ। ਅਧਿਕਾਰੀ ਨੇ ਕਿਹਾ ਕਿ 60 ਲੱਖ ਤੋਂ ਜ਼ਿਆਦਾ ਚੈੱਕ ਬਾਊਂਸ ਦੇ ਮਾਮਲੇ ਦੇਸ਼ 'ਚ ਲੰਬਿਤ ਹਨ ਅਤੇ ਐੱਚ. ਡੀ. ਐੱਫ. ਸੀ. ਬੈਂਕ ਸੰਮਨ ਭੇਜਣ ਨੂੰ ਲੈ ਕੇ ਅਦਾਲਤਾਂ ਨੂੰ ਡਿਜੀਟਲ ਸਾਧਨਾਂ ਦੇ ਇਸਤੇਮਾਲ ਲਈ ਬੇਨਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ 'ਚ ਅਸੀਂ ਦੇਖਿਆ ਹੈ ਕਿ ਡਾਕ ਭੇਜੇ ਜਾਣ 'ਤੇ ਗਾਹਕ ਨੋਟਿਸ ਪ੍ਰਾਪਤ ਹੋਣ ਤੋਂ ਸਾਫ ਇਨਕਾਰ ਕਰ ਦਿੰਦੇ ਹਨ।

ਅਧਿਕਾਰੀ ਨੇ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਲੋਕ ਘਰ ਜਲਦੀ-ਜਲਦੀ ਬਦਲ ਲੈਂਦੇ ਹਨ ਪਰ ਉਨ੍ਹਾਂ ਦਾ ਈ-ਮੇਲ ਅਤੇ ਮੋਬਾਇਲ ਨੰਬਰ ਆਮ ਤੌਰ 'ਤੇ ਓਹੀ ਰਹਿੰਦਾ ਹੈ। ਇਸ ਲਈ ਸਾਡਾ ਮੰਨਣਾ ਹੈ ਕਿ ਸੰਚਾਰ ਦੇ ਇਹ ਨਵੇਂ ਤਰੀਕੇ ਪ੍ਰਭਾਵਸ਼ਾਲੀ ਹਨ। ਅਧਿਕਾਰੀ ਨੇ ਕਿਹਾ ਕਿ ਐੱਚ. ਡੀ. ਐੱਫ. ਸੀ. ਬੈਂਕ ਨੇ ਹੁਣ ਤਕ ਡਿਜੀਟਲ ਮਾਧਿਆਮਾਂ ਰਾਹੀਂ ਤਕਰੀਬਨ 250 ਸੰਮਨ ਭੇਜੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਾਨੂੰਨ ਤਹਿਤ ਇਨ੍ਹਾਂ ਮਾਮਲਿਆਂ ਦਾ ਨਿਪਟਾਰਾ ਤੇਜ਼ੀ ਨਾਲ ਹੋ ਸਕੇਗਾ। ਹੁਣ ਤਕ ਡਿਜੀਟਲ ਤਰੀਕੇ ਨਾਲ ਜੋ ਨੋਟਿਸ ਭੇਜੇ ਗਏ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਮਹਾਰਾਸ਼ਟਰ, ਗੁਜਰਾਤ, ਪੱਛਮੀ ਬੰਗਾਲ, ਓਡੀਸ਼ਾ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਨਾਲ ਜੁੜੇ ਹਨ। ਕੁਝ ਮਾਮਲੇ ਚੰਡੀਗੜ੍ਹ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਨਾਲ ਵੀ ਸੰਬੰਧਤ ਹਨ।


Related News