ਨੋਟਬੰਦੀ : ਬੈਂਕ ''ਚ ਜਮ੍ਹਾ ਕਰਾਏ ਸਨ ਇੰਨੇ ਨੋਟ, ਤਾਂ ਹੁਣ ਜ਼ਰੂਰ ਭਰੋ ਰਿਟਰਨ

07/15/2017 3:39:17 PM

ਨਵੀਂ ਦਿੱਲੀ— ਨੋਟਬੰਦੀ ਤੋਂ ਬਾਅਦ ਜੇਕਰ ਤੁਸੀਂ ਆਪਣੇ ਬੈਂਕ ਖਾਤੇ 'ਚ 2 ਲੱਖ ਤੋਂ ਜ਼ਿਆਦਾ ਰੁਪਏ ਜਮ੍ਹਾ ਕਰਾਏ ਹਨ ਤਾਂ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਇਸ ਵਾਰ ਇਨਕਮ ਟੈਕਸ ਰਿਟਰਨ ਜ਼ਰੂਰ ਦਾਖਲ ਕਰੋ। ਭਾਵੇਂ ਹੀ ਤੁਸੀਂ ਇਸ ਤੋਂ ਪਹਿਲਾਂ ਕਦੇ ਵੀ ਰਿਟਰਨ ਭਰੀ ਹੋਵੇ ਪਰ ਇਸ ਵਾਰ ਰਿਟਰਨ ਭਰ ਕੇ ਤੁਸੀਂ ਖੁਦ ਨੂੰ ਵੱਡੀ ਮੁਸੀਬਤ 'ਤੋਂ ਬਚਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਮਾਲੀ ਵਰ੍ਹੇ 2016-17 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 31 ਜੁਲਾਈ ਹੈ। ਜਿਨ੍ਹਾਂ ਲੋਕਾਂ ਨੇ ਨੋਟਬੰਦੀ ਦੇ ਬਾਅਦ ਭਾਰੀ ਮਾਤਰਾ 'ਚ ਬੈਂਕਾਂ 'ਚ ਪੈਸੇ ਜਮ੍ਹਾ ਕਰਾਏ ਹਨ ਹੁਣ ਉਨ੍ਹਾਂ 'ਤੇ ਆਮਦਨ ਟੈਕਸ ਵਿਭਾਗ ਦੀ ਨਜ਼ਰ ਹੈ, ਇਸ ਤਹਿਤ ਉਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਵੱਲੋਂ ਜਮ੍ਹਾ ਕਰਾਏ ਗਏ ਪੈਸੇ ਉਨ੍ਹਾਂ ਦੀ ਆਮਦਨ ਨਾਲ ਮੇਲ ਨਹੀਂ ਖਾਂਦੇ। 
ਕੀ ਕਹਿੰਦੇ ਹਨ ਮਾਹਰ?
ਟੈਕਸ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ 8 ਨਵੰਬਰ ਤੋਂ 30 ਦਸੰਬਰ ਵਿਚਕਾਰ 2 ਲੱਖ ਤੋਂ ਜ਼ਿਆਦਾ ਦੀ ਨਕਦੀ ਜਮ੍ਹਾ ਕਰਾਈ ਹੈ ਤਾਂ ਇਸ ਵਾਰ ਤੁਹਾਡੇ ਲਈ ਰਿਟਰਨ ਭਰਨਾ ਫਾਇਦੇ ਦਾ ਸੌਦਾ ਹੋਵੇਗਾ। ਇਨਕਮ ਟੈਕਸ ਰਿਟਰਨ 'ਚ ਤੁਸੀਂ ਜਮ੍ਹਾ ਕੀਤੀ ਗਈ ਰਕਮ ਦਾ ਜ਼ਿਕਰ ਕਰਕੇ ਟੈਕਸ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਬਚ ਸਕਦੇ ਹੋ। ਮਾਹਰਾਂ ਦਾ ਕਹਿਣਾ ਕਿ ਇਨਕਮ ਟੈਕਸ ਵਿਭਾਗ ਤੁਹਾਨੂੰ ਧਾਰਾ 133 (4) ਤਹਿਤ ਇਕ ਨੋਟਿਸ ਭੇਜ ਸਕਦਾ ਹੈ, ਜਿਸ 'ਚ ਤੁਹਾਡੇ ਕੋਲੋਂ ਨੋਟਬੰਦੀ ਦੌਰਾਨ ਪੈਸੇ ਜਮ੍ਹਾ ਕਰਨ ਨੂੰ ਲੈ ਕੇ ਕਈ ਸਾਰੇ ਸਵਾਲਾਂ ਦੇ ਜਵਾਬ ਮੰਗੇ ਜਾ ਸਕਦੇ ਹਨ। ਇਨਕਮ ਟੈਕਸ ਵਿਭਾਗ ਕੋਲ ਅਜਿਹਾ ਕਰਨ ਦਾ ਕਾਨੂੰਨੀ ਅਧਿਕਾਰ ਹੈ। ਅਜਿਹੇ 'ਚ ਤੁਸੀਂ ਪਹਿਲਾਂ ਹੀ ਰਿਟਰਨ 'ਚ ਇਸ ਰਕਮ ਦਾ ਜ਼ਿਕਰ ਕਰਕੇ ਉਸ 'ਤੇ ਟੈਕਸ ਅਦਾਇਗੀ ਕਰਕੇ ਆਪਣਾ ਬਚਾ ਕਰ ਸਕਦੇ ਹੋ। 
ਕਿਸ ਲਈ ਹੈ ਰਿਟਰਨ ਭਰਨੀ ਜ਼ਰੂਰੀ?
ਜਿਸ ਵਿਅਕਤੀ ਦੀ ਆਮਦਨ ਸਾਲਾਨਾ 2.50 ਲੱਖ ਰੁਪਏ ਤੋਂ ਉੱਪਰ ਹੈ ਜਾਂ 1 ਅਪ੍ਰੈਲ 2016 ਤੋਂ ਲੈ ਕੇ 31 ਮਾਰਚ 2017 ਤਕ ਜਿਸ ਕਿਸੇ ਵੀ ਵਿਅਕਤੀ ਨੂੰ ਇਸ ਰਕਮ ਤੋਂ ਵਧ ਦੀ ਸਾਲਾਨਾ ਆਮਦਨ ਹੋਈ ਹੈ, ਉਸ ਲਈ ਇਨਕਮ ਟੈਕਸ ਐਕਟ ਦੀ ਧਾਰਾ 139 (1) ਤਹਿਤ ਇਨਕਮ ਟੈਕਸ ਰਿਟਰਨ ਭਰਨਾ ਜ਼ਰੂਰੀ ਹੈ। 
ਜੇਕਰ ਤੁਸੀਂ ਨੋਟਬੰਦੀ ਦੌਰਾਨ ਭਾਰੀ ਮਾਤਰਾ 'ਚ ਰਕਮ ਜਮ੍ਹਾ ਕਰਾਈ ਹੈ ਅਤੇ ਤੁਸੀਂ ਇਸ ਨੂੰ ਲੈ ਕੇ ਦੁਚਿੱਤੀ 'ਚ ਹੋ ਤਾਂ ਤੁਹਾਡੇ ਕੋਲ ਇਸ ਦੀ ਜਾਣਕਾਰੀ ਦੇਣ ਦਾ ਇਕ ਤਰੀਕਾ ਹੈ। ਜੇਕਰ ਤੁਸੀਂ ਭਾਰੀ ਭਰਕਮ ਰਾਸ਼ੀ ਆਪਣੇ ਖਾਤੇ 'ਚ ਜਮ੍ਹਾ ਕਰਾਈ ਹੈ ਅਤੇ ਉਹ ਰਾਸ਼ੀ ਤੁਹਾਡੀ ਇਸ ਸਾਲ ਦੀ ਆਮਦਨ ਹੈ ਤਾਂ ਤੁਸੀਂ ਇਸ ਨੂੰ ਆਪਣੀ ਰਿਟਰਨ 'ਚ ਦਿਖਾਓ ਅਤੇ ਨਾਲ ਹੀ ਆਮਦਨ ਟੈਕਸ ਵਿਭਾਗ ਨੂੰ ਇਸ ਦੇ ਸਰੋਤ ਦੀ ਜਾਣਕਾਰੀ ਦੇਣਾ ਨਾ ਭੁੱਲੋ।


Related News