1,870cc ਇੰਜਣ ਨਾਲ ਹਾਰਲੇ ਡੇਵਿਡਸਨ ਲਿਆਇਆ ਨਵਾਂ ਪ੍ਰਫਾਰਮੈਂਸ ਕਰੂਜ਼ਰ ਮੋਟਰਸਾਈਕਲ
Thursday, Aug 30, 2018 - 02:17 AM (IST)
ਜਲੰਧਰ—ਪੂਰੀ ਦੁਨੀਆ ਵਿਚ ਆਪਣੇ ਪਾਵਰਫੁੱਲ ਕਰੂਜ਼ਰ ਮੋਟਰਸਾਈਕਲਾਂ ਨੂੰ ਲੈ ਕੇ ਜਾਣੀ ਜਾਂਦੀ ਕੰਪਨੀ ਹਾਰਲੇ ਡੇਵਿਡਸਨ ਨੇ ਨਵੇਂ FXDR114 ਮੋਟਰਸਾਈਕਲ ਦਾ ਖੁਲਾਸਾ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਵਿਚ ਲੱਗਾ ਪਾਵਰਫੁੱਲ ਇੰਜਣ। ਇਸ ਮੋਟਰਸਾਈਕਲ ਵਿਚ 1,870cc ਦਾ ਮਜ਼ਬੂਤ ਇੰਜਣ ਲੱਗਾ ਹੈ, ਜਿਸ ਕਾਰਨ ਕੰਪਨੀ ਨੇ ਇਸ ਨੂੰ ਪ੍ਰਫਾਰਮੈਂਸ ਕਰੂਜ਼ਰ ਮੋਟਰਸਾਈਕਲ ਦੱਸਿਆ ਹੈ। ਇਸ ਤੋਂ ਇਲਾਵਾ ਇਸ ਕਰੂਜ਼ਰ ਮੋਟਰਸਾਈਕਲ ਦਾ ਡਿਜ਼ਾਈਨ ਰੇਸਿੰਗ ਬਾਈਕ ਵਰਗਾ ਹੀ ਤਿਆਰ ਕੀਤਾ ਗਿਆ ਹੈ। ਇਸ ਵਿਚ ਫੈਟ ਟਾਇਰ ਲਾਏ ਗਏ ਹਨ, ਜੋ ਸੜਕ 'ਤੇ ਸਥਿਰਤਾ ਬਣਾਈ ਰੱਖਣ 'ਚ ਕਾਫੀ ਮਦਦਗਾਰ ਹਨ।

V- ਟਵਿਨ ਇੰਜਣ : ਇਸ ਵਿਚ V-ਟਵਿਨ ਇੰਜਣ ਲੱਗਾ ਹੈ, ਜੋ 161Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਨੂੰ ਸਾਫਟੇਲ ਚੈਸੀਜ਼ 'ਤੇ ਆਧਾਰਿਤ ਤਿਆਰ ਕੀਤਾ ਗਿਆ ਹੈ। ਇਹ ਐਲੂਮੀਨੀਅਮ ਨਾਲ ਬਣਿਆ ਹੈ। ਇਸ ਇੰਜਣ ਨੂੰ 6 ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਪ੍ਰਫਾਰਮੈਂਸ ਨੂੰ ਬਿਹਤਰ ਬਣਾਉਣਗੇ ਏਅਰ ਇਨਟੇਕਸ : ਸਪੋਰਟੀ ਲੁੱਕ ਤੋਂ ਇਲਾਵਾ ਇਸ ਦੇ ਫਰੰਟ 'ਚ ਏਅਰ ਇਨਟੇਕਸ ਦਿੱਤੇ ਗਏ ਹਨ, ਜੋ ਮੋਟਰਸਾਈਕਲ ਦੀ ਪ੍ਰਫਾਰਮੈਂਸ ਨੂੰ ਚੰਗਾ ਬਣਾਉਣ ਵਿਚ ਕਾਫੀ ਮਦਦ ਕਰਨਗੇ। ਸੀਟ ਹੇਠਾਂ ਹੋਣ ਕਾਰਨ ਇਸ ਦੀ ਰਾਈਡਿੰਗ ਪੁਜ਼ੀਸ਼ਨ ਕਾਫੀ ਚੰਗੀ ਹੈ। ਕੰਪਨੀ ਨੇ ਦੱਸਿਆ ਕਿ ਇਸ ਦੇ ਫਰੰਟ ਤੇ ਰੀਅਰ ਵਿਚ ਪ੍ਰੀਮੀਅਮ ਸਸਪੈਂਸ਼ਨ ਲੱਗੇ ਹਨ ਅਤੇ ਭਾਰ ਸਿਰਫ 303 ਕਿਲੋ ਹੈ। LED ਹੈੱਡਲੈਂਪ ਤੇ ਟੇਲ ਲੈਂਪਸ : ਮੋਟਰਸਾਈਕਲ ਦੇ ਫਰੰਟ 'ਚ ਡੇਟਾਈਮ LED ਹੈੱਡਲੈਂਪ, LED ਟੇਲ ਲੈਂਪ ਤੇ LED ਟਰਨ ਸਿਗਨਲ ਇੰਡੀਕੇਟਰ ਦਿੱਤੇ ਗਏ ਹਨ। ਫਿਲਹਾਲ ਇਸ ਨੂੰ ਕਦੋਂ ਤਕ ਅਤੇ ਕਿੰਨੀ ਕੀਮਤ 'ਚ ਲਾਂਚ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।
